ਗਰਚਾ ਵੱਲੋਂ ਹਲਕਾ ਖਰੜ ਦੇ ਪਿੰਡਾਂ ਵਿਚ ਸੀ.ਟੀ.ਯੂ. ਬੱਸ ਸੇਵਾ ਚਾਲੂ ਕਰਵਾਉਣ ਦੀ ਮੰਗ

ਮੁੱਲਾਂਪੁਰ ਗਰੀਬਦਾਸ, 24 ਨਵੰਬਰ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਖਰੜ ਦੇ ਨਾਲ ਲਗਦੇ ਅਤੇ ਮੁੱਲਾਂਪੁਰ ਗਰੀਬਦਾਸ ਖੇਤਰ ਦੇ ਵੱਖ ਵੱਖ ਪਿੰਡਾਂ ਵਿਚ ਸੀ.ਟੀ.ਯੂ. ਦੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਹੈ| ਇਸੇ ਸਬੰਧ ਵਿਚ ਸ੍ਰੀਮਤੀ ਗਰਚਾ ਨੇ ਡਾਇਰੈਕਟਰ ਸੀ.ਟੀ.ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਪੰਜਾਬ ਨੂੰ ਵੀ ਪੱਤਰ ਲਿਖ ਕੇ ਇਹ ਬੱਸ ਸੇਵਾ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ|
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਹਲਕਾ ਖਰੜ ਅਧੀਨ ਆਉਂਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਪਿੰਡਾਂ ਪੜੌਲ, ਮਿਰਜਾਪੁਰ, ਕਸਬਾ ਨਵਾਂਗਰਾਉਂ ਖੇਤਰ ਵਿਚ ਪੈਂਦੇ ਪਿੰਡ ਨਾਡਾ, ਸੂੰਕ ਪੜਛ, ਟਾਂਡਾ ਟਾਂਡੀ, ਨਾਡਾ, ਕਰੌਰਾਂ, ਮਸੌਲ ਅਤੇ ਖਰੜ ਸ਼ਹਿਰ ਦੇ ਨੇੜਲੇ ਪਿੰਡਾਂ ਜੰਡਪੁਰ, ਝੁੰਗੀਆਂ, ਤਿਊੜ, ਜਕੜਮਾਜਰਾ, ਚੰਦੋਂ ਅਤੇ ਹੋਰ ਕਈ ਪਿੰਡਾਂ ਨੂੰ ਕੋਈ ਵੀ ਬੱਸ ਸਰਵਿਸ ਨਹੀਂ ਹੈ| ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਹਰ ਰੋਜ਼ ਆਪਣੇ ਕੰਮਾਂ ਕਾਰਾਂ, ਰਾਸ਼ਨ ਆਦਿ ਲਿਆਉਣ ਅਤੇ ਸਿਹਤ ਸਹੂਲਤਾਂ ਲਈ ਚੰਡੀਗੜ੍ਹ ਆਉਣਾ ਜਾਣਾ ਲੱਗਾ ਰਹਿੰਦਾ ਹੈ| ਪ੍ਰੰਤੂ ਬੱਸ ਸੇਵਾ ਨਾ ਹੋਣ ਕਾਰਨ ਲੋਕੀਂ ਆਉਣ ਜਾਣ ਲਈ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ| ਵਧੇਰੇ ਪ੍ਰੇਸ਼ਾਨੀ ਇਨ੍ਹਾਂ ਪਿੰਡਾਂ ਦੀਆਂ ਔਰਤਾਂ ਨੂੰ ਹੁੰਦੀ ਹੈ|
ਉਨ੍ਹਾਂ ਕਿਹਾ ਕਿ ਕੁਝ ਪਿੰਡਾਂ ਨੂੰ ਪਹਿਲਾਂ ਸੀ.ਟੀ.ਯੂ. ਦੀ ਬੱਸ ਸੇਵਾ ਚੱਲ ਵੀ ਰਹੀ ਸੀ ਪ੍ਰੰਤੂ ਕੁਝ ਸਮੇਂ ਤੋਂ ਸੀ.ਟੀ.ਯੂ. ਵੱਲੋਂ ਕਈ ਰੂਟ ਬੰਦ ਕਰ ਦਿੱਤੇ ਗਏ ਸਨ ਜਿਨ੍ਹਾਂ ਨੂੰ ਫਿਰ ਤੋਂ ਚਾਲੂ ਕਰਨਾ ਲੋਕਾਂ ਦੀ ਮੁੱਖ ਲੋੜ ਹੈ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਉਨ੍ਹਾਂ ਹਲਕਾ ਖਰੜ ਦੇ ਉਕਤ ਪਿੰਡਾਂ ਵਿਚ ਘੁੰਮ ਕੇ ਦੇਖਿਆ ਹੈ ਕਿ ਲੋਕੀਂ ਬੱਸ ਸੇਵਾ ਨਾ ਹਣ ਕਾਰਨ ਕਾਫ਼ੀ ਤੰਗ ਰਹਿੰਦੇ ਹਨ| ਉਨ੍ਹਾਂ ਮੰਗ ਕੀਤੀ ਕਿ ਡਾਇਰੈਕਟਰ ਸੀ.ਟੀ.ਯੂ. ਅਤੇ ਡਾਇਰੈਕਟਰ ਟਰਾਂਸਪੋਰਟ ਵਿਭਾਗ ਪੰਜਾਬ ਆਪਸ ਵਿਚ ਤਾਲਮੇਲ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬੱਸ ਸੇਵਾ ਦੀ ਸਹੂਲਤ ਦੇਵੇ|

Leave a Reply

Your email address will not be published. Required fields are marked *