ਗਰਭਪਾਤ ਲਈ ਔਰਤ ਨੂੰ ਪਤੀ ਦੀ ਸਹਿਮਤੀ ਦੀ ਲੋੜ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, 28 ਅਕਤੂਬਰ (ਸ.ਬ.) ਸੁਪਰੀਮ ਕੋਰਟ ਨੇ ਗਰਭਪਾਤ ਨੂੰ ਲੈ ਕੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਗਰਭਪਾਤ ਲਈ ਕਿਸੇ ਔਰਤ ਨੂੰ ਆਪਣੇ ਪਤੀ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੈ| ਸੁਪਰੀਮ ਕੋਰਟ ਨੇ ਇਹ ਫੈਸਲਾ ਇਕ ਤਲਾਕਸ਼ੁਦਾ ਵਿਅਕਤੀ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਲਿਆ| ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਬਾਲਗ ਔਰਤ ਨੂੰ ਬੱਚੇ ਨੂੰ ਜਨਮ ਦੇਣ ਅਤੇ ਗਰਭਪਾਤ ਕਰਵਾਉਣ ਦਾ ਫੈਸਲਾ ਲੈਣ ਦਾ ਅਧਿਕਾਰ ਹੈ| ਕੋਰਟ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਜ਼ਰੂਰੀ ਨਹੀਂ ਕਿ ਔਰਤ ਨੂੰ ਇਸ ਲਈ ਪਤੀ ਦੀ ਸਹਿਮਤੀ ਲੈਣਾ ਜ਼ਰੂਰੀ ਹੋਵੇ|
ਪਤੀ ਨੇ ਆਪਣੀ ਪਟੀਸ਼ਨ ਵਿੱਚ ਸਾਬਕਾ ਪਤਨੀ ਨਾਲ ਔਰਤ ਦੇ ਮਾਤਾ-ਪਿਤਾ, ਭਰਾ ਅਤੇ 2 ਡਾਕਟਰਾਂ ਤੇ ਵੀ ਗੈਰ-ਕਾਨੂੰਨੀ ਗਰਭਪਾਤ ਦਾ ਦੋਸ਼ ਲਾਇਆ ਸੀ| ਪਟੀਸ਼ਨਕਰਤਾ ਨੇ ਬਿਨਾਂ ਉਸ ਦੀ ਸਹਿਮਤੀ ਦੇ ਗਰਭਪਾਤ ਕਰਵਾਏ ਜਾਣ ਤੇ ਨਾਰਾਜ਼ਗੀ ਦਰਜ ਕੀਤੀ ਸੀ| ਜਿਸ ਤੇ ਵਿਅਕਤੀ ਨੂੰ ਨਾਰਾਜ਼ਗੀ ਸੀ ਕਿ ਪਤਨੀ ਨੇ ਇੰਨੇ ਮਹੱਤਵਪੂਰਨ ਫੈਸਲੇ ਵਿੱਚ ਉਸ ਦੀ ਰਾਏ ਨਹੀਂ ਲਈ| ਇਸ ਤੇ ਸੁਪਰੀਮ ਕੋਰਟ ਨੇ ਔਰਤ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ| ਜ਼ਿਕਰਯੋਗ ਹੈ ਕਿ ਪਤੀ ਅਤੇ ਪਤਨੀ ਪਿਛਲੇ ਕਾਫੀ ਸਮੇਂ ਤੋਂ ਵੱਖ ਰਹਿ ਰਹੇ ਹਨ| ਜਿਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਪਤੀ-ਪਤਨੀ ਦਰਮਿਆਨ ਤਣਾਅਪੂਰਨ ਸੰਬੰਧਾਂ ਨੂੰ ਦੇਖਦੇ ਹੋਏ ਔਰਤ ਦਾ ਗਰਭਪਾਤ ਕਰਵਾਉਣ ਦਾ ਫੈਸਲਾ ਕਾਨੂੰਨਨ ਸਹੀ ਹੈ| ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪਟੀਸ਼ਨਕਰਤਾ ਦੀ ਪਟੀਸ਼ਨ ਠੁਕਰਾਉਂਦੇ ਹੋਏ ਕਿਹਾ ਸੀ ਕਿ ਗਰਭਪਾਤ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਔਰਤ ਦਾ ਹੋ ਸਕਦਾ ਹੈ|

Leave a Reply

Your email address will not be published. Required fields are marked *