ਗਰਮੀ ਕਾਰਨ ਮਿੱਟੀ ਦੇ ਘੜਿਆਂ ਦੀ ਵੀ ਪਈ ਕਦਰ

ਗਰਮੀ ਕਾਰਨ ਮਿੱਟੀ ਦੇ ਘੜਿਆਂ ਦੀ ਵੀ ਪਈ ਕਦਰ
ਵੱਡੀ ਗਿਣਤੀ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਦੇਣ ਲੱਗੇ ਤਰਜੀਹ
ਐਸ ਏ ਐਸ ਨਗਰ, 15 ਜੂਨ (ਜਗਮੋਹਨ ਸਿੰਘ ਲੱਕੀ) ਪੰਜਾਬ ਸਮੇਤ ਪੂਰੇ ਉਤਰੀ ਭਾਰਤ ਵਿੱਚ ਇਸ ਸਮੇਂ ਗਰਮੀ ਆਪਣੇ ਪੂਰੇ ਜੋਰਾਂ ਉਪਰ ਹੈ| ਗਰਮੀ ਦੇ ਇਸ ਮੌਸਮ ਵਿੱਚ ਇਕ ਵਾਰ ਫਿਰ ਮਿੱਟੀ ਦੇ ਘੜਿਆਂ ਦੀ ਕਦਰ ਪੈਣੀ ਸ਼ੁਰੂ ਹੋ ਗਈ ਹੈ| ਵੱਡੀ ਗਿਣਤੀ ਲੋਕ ਅੱਜ ਕਲ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦੇਣ ਲੱਗ ਪਏ ਹਨ| ਇਸ ਦਾ ਇਕ ਕਾਰਨ ਇਹ ਵੀ ਹੈ ਕਿ ਵੱਡੀ ਗਿਣਤੀ ਲੋਕਾਂ ਖਾਸ ਕਰਕੇ ਬਜੁਰਗਾਂ ਨੂੰ ਡਾਕਟਰਾਂ ਵਲੋਂ ਫਰਿਜ ਦੇ ਠੰਡੇ ਪਾਣੀ ਨੂੰ ਪੀਣ ਦੀ ਮਨਾਹੀ ਕੀਤੀ ਹੋਈ ਹੈ| ਜਿਸ ਕਰਕੇ ਇਹ ਲੋਕ ਹੁਣ ਮਿੱਟੀ ਦੇ ਘੜੇ ਵਿੱਚ ਠੰਡਾ ਹੋਇਆ ਪਾਣੀ ਪੀਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਹੋਰ ਲੋਕ ਵੀ ਫਰਿਜ ਦੀ ਥਾਂ ਘੜੇ ਦੇ ਪਾਣੀ ਨੂੰ ਹੀ ਪੀਂਦੇ ਵੇਖੇ ਜਾਂਦੇ ਹਨ|
ਇਸ ਤੋਂ ਇਲਾਵਾ ਅੱਜ ਕਲ ਖੇਤਾਂ ਵਿੱਚ ਝੋਨਾ ਬੀਜ ਰਹੇ ਕਿਸਾਨ ਅਤੇ ਖੇਤ ਮਜਦੂਰ ਵੀ ਆਪਣੇ ਲਈ ਪੀਣ ਵਾਸਤੇ ਘੜੇ ਦਾ ਪਾਣੀ ਹੀ ਰੱਖ ਰਹੇ ਹਨ| ਇਸ ਤਰ੍ਹਾਂ ਘੜੇ ਬਣਾ ਕੇ ਵੇਚਣ ਵਾਲੇ ਕਾਰੀਗਰਾਂ ਦਾ ਇਹ ਸੀਜਨ ਚੰਗਾ ਚੱਲ ਪਿਆ ਹੈ|

Leave a Reply

Your email address will not be published. Required fields are marked *