ਗਰਮੀ ਦੇ ਮੌਸਮ ਵਿੱਚ ਪੰਜਾਬ ਦੇ ਰਾਜਸੀ ਖੇਤਰ ਵਿੱਚ ਵੀ ਆਈ ਗਰਮੀ

ਗਰਮੀ ਦੇ ਮੌਸਮ ਵਿੱਚ ਪੰਜਾਬ ਦੇ ਰਾਜਸੀ ਖੇਤਰ ਵਿੱਚ ਵੀ ਆਈ ਗਰਮੀ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ
ਐਸ ਏ ਐਸ ਨਗਰ, 14 ਜੂਨ (ਸ.ਬ.) ਪੰਜਾਬ ਵਿੱਚ ਸ਼ਾਹਕੋਟ ਜਿਮਨੀ ਚੋਣ ਹੋਣ ਤੋਂ ਬਾਅਦ ਭਾਵੇਂ ਇਸ ਚੋਣ ਦੇ ਨਤੀਜੇ ਵੀ ਆ ਗਏ ਹਨ, ਜੋ ਕਿ ਕਾਂਗਰਸ ਪਾਰਟੀ ਦੇ ਹਕ ਵਿੱਚ ਰਹੇ ਹਨ| ਇਸ ਤੋਂ ਬਾਅਦ ਅੱਜ ਕਲ ਵੀ ਗਰਮੀ ਦੇ ਇਸ ਮੌਸਮ ਵਿੱਚ ਪੰਜਾਬ ਦੇ ਰਾਜਸੀ ਖੇਤਰ ਵਿੱਚ ਕਾਫੀ ਗਰਮੀ ਵੇਖਣ ਨੂੰ ਮਿਲ ਰਹੀ ਹੈ| ਹਰ ਦਿਨ ਹੀ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ੇਨਾਲ ਨਾਲ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਬਿਆਨ ਦਾਗੇ ਜਾ ਰਹੇ ਹਨ|
ਇਸ ਸਮੇਂ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਮੁੱਖ ਪਾਰਟੀ ਵਜੋਂ ਵਿਚਰ ਰਹੀ ਹੈ, ਦੂਜੇ ਪਾਸੇ ਹੁਣ ਅਕਾਲੀ ਦਲ ਵੀ ਆਪਣੇ ਆਪ ਨੂੰ ਮੁੱਖ ਵਿਰੋਧੀ ਧਿਰ ਵਜੋਂ ਪੇਸ਼ ਕਰਨ ਵਿੱਚ ਕਾਮਯਾਬ ਹੋ ਗਿਆ ਹੈ|ੇ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜਾਰੀ ਕਾਰਨ ਅਕਾਲੀ ਦਲ ਦੀ ਪੁਜੀਸਨ ਪਹਿਲਾਂ ਨਾਲੋਂ ਕਾਫੀ ਮਜਬੂਤ ਹੋ ਗਈ ਹੈ ਅਤੇ ਪੰਜਾਬ ਵਿੱਚ ਇਸ ਸਮੇਂ ਦੋ ਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਹੀ ਵਿਚਰਦੀਆਂ ਮਹਿਸੂਸ ਹੋ ਰਹੀਆਂ ਹਨ|
ਅਸਲ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਹੀ ਪਾਰਟੀਆਂ ਦਾ ਪਿਛੋਕੜ ਇਤਿਹਾਸਿਕ ਹੈ| ਕਾਂਗਰਸ ਪਾਰਟੀ ਜਿੱਥੇ ਆਪਣਾ ਵੱਖਰਾ ਇਤਿਹਾਸ ਰੱਖਦੀ ਹੈ, ਉੱਥੇ ਹੀ ਅਕਾਲੀ ਦਲ ਦਾ ਵੀ ਇਤਿਹਾਸ ਸ਼ਾਨਾਮੱਤਾ ਰਿਹਾ ਹੈ| ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਹੋਰ ਵਰਕਰਾਂ ਵਲੋਂ ਵੱਖ ਵੱਖ ਸਮੇਂ ਕੱਟੀਆਂ ਗਈਆਂ ਜੇਲ੍ਹਾਂ ਕਾਰਨ ਵੀ ਲੋਕਾਂ ਵਿੱਚ ਇਸ ਪਾਰਟੀ ਦਾ ਚੰਗਾ ਆਧਾਰ ਬਣਿਆ ਹੋਇਆ ਹੈ| ਅਜੇ ਵੀ ਵੱਡੀ ਗਿਣਤੀ ਅਕਾਲੀ ਜਥੇਦਾਰ ਅਜਿਹੇ ਹਨ ਜੋ ਕਿ ਪਾਰਟੀ ਸੁਪਰੀਮੋ ਦੇ ਇਸ਼ਾਰੇ ਉਪਰ ਹਰ ਸਮੇਂ ਹੀ ਜੇਲ੍ਹਾਂ ਭਰਨ ਨੂੰ ਤਿਆਰ ਰਹਿੰਦੇ ਹਨ| ਅਜਿਹੀਆਂ ਕੁਰਬਾਨੀਆਂ ਕਾਰਨ ਹੀ ਅਕਾਲੀ ਦਲ ਲੋਕਾਂ ਵਿੱਚ ਆਪਣੀ ਭੱਲ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ ਹੈ|
ਦੂਜੇ ਪਾਸੇ ਕਾਂਗਰਸ ਪਾਰਟੀ ਵਿੱਚ ਵੀ ਸਿਰੜੀ ਤੇ ਮਿਹਨਤੀ ਆਗੂਆਂ ਦੀ ਕਮੀ ਨਹੀਂ ਹੈ, ਦੇਸ਼ ਦੇ ਆਜਾਦੀ ਅੰਦੋਲਨ ਵਿੱਚ ਵੀ ਕਾਂਗਰਸੀ ਆਗੂਆਂ ਵਲੋਂ ਦਿਤੇ ਗਏ ਯੋਗਦਾਨ ਨੂੰ ਅਜੇ ਵੀ ਲੋਕ ਯਾਦ ਕਰਦੇ ਹਨ| ਇਹੀ ਕਾਰਨ ਹੈ ਭਾਰਤ ਉਪਰ ਸਭ ਤੋਂ ਲੰਮਾ ਰਾਜ ਕਰਨ ਦਾ ਮਾਣ ਵੀ ਕਾਂਗਰਸ ਨੂੰ ਹੀ ਜਾਂਦਾ ਹੈ|
ਹੁਣ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਅਤੇ ਕਾਂਗਰਸੀ ਆਗੂਆਂ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੀ ਹੋਵੇਗਾ|

Leave a Reply

Your email address will not be published. Required fields are marked *