ਗਰਮੀ ਵਲੋਂ ਜੋਰ ਵਿਖਾਉਣਾ ਜਾਰੀ, ਲੂ ਕਾਰਨ ਲੋਕ ਹੋ ਰਹੇ ਹਨ ਬਿਮਾਰ

ਐਸ ਏ ਐਸ ਨਗਰ, 24 ਜੂਨ (ਸ. ਬ.) ਪੰਜਾਬ ਸਮੇਤ ਸਾਰੇ ਉਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ, ਇਸਦੇ ਨਾਲ ਹੀ ਲੂ ਚੱਲਣ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ| ਲੂ ਦਾ ਅਸਰ ਸਭ ਤੋਂ ਜਿਆਦਾ ਬੱਚਿਆਂ ਉਪਰ ਹੋ ਰਿਹਾ ਹੈ| ਭਾਵੇ ਕਿ ਇਸ ਸਮੇਂ ਵੱਡੀ ਗਿਣਤੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਚਲ ਰਹੀਆਂ ਹਨ ਪਰ ਫਿਰ ਵੀ ਬੱਚੇ ਘਰਾਂ ਵਿਚ ਟਿਕ ਕੇ ਨਹੀਂ ਬੈਠ ਰਹੇ, ਉਹ ਸਾਰਾ ਦਿਨ ਹੀ ਪਾਰਕਾਂ ਵਿਚ ਖੇਡਦੇ ਰਹਿੰਦੇ ਹਨ ਜਾਂ ਫਿਰ ਸੜਕਾਂ ਉਪਰ ਘੁੰਮਦੇ ਰਹਿੰਦੇ ਹਨ, ਜਿਸ ਕਰਕੇ ਉਹ ਗਰਮੀ ਅਤੇ ਲੂ ਦਾ ਸ਼ਿਕਾਰ ਹੋ ਜਾਂਦੇ ਹਨ| ਇਸ ਤੋਂ ਇਲਾਵਾ ਤੇਜ ਗਰਮੀ ਦਾ ਅਸਰ ਬਜੁਰਗਾਂ ਉਪਰ ਵੀ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸਕੂਲਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਵਿਚ ਪੜਦੀਆਂ ਲੜਕੀਆਂ ਅਤੇ ਉਹਨਾਂ ਨੂੰ ਪੜਾਉਂਦੀਆਂ ਮੈਡਮਾਂ ਤਾਂ ਹਰ ਦਿਨ ਹੀ ਤੇਜ ਧੁੱਪ ਤੋਂ ਬਚਣ ਲਈ ਛਤਰੀ ਲੈ ਕੇ ਜਾਂਦੀਆਂ ਹਨ| ਦੁਪਹਿਰ ਸਮੇਂ ਆਪਣੇ ਜਰੂਰੀ ਕੰਮ ਧੰਦੇ ਨਿਕਲੀਆਂ ਔਰਤਾਂ ਵੀ ਤੇਜ ਗਰਮੀ ਤੋਂ ਬਚਣ ਲਈ ਛਤਰੀ ਲੈ ਰਹੀਆਂ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਗਰਮੀ ਤੋਂ ਬਚਣ ਲਈ ਆਪਣੇ ਘਰਾਂ ਦੇ ਅੱਗੇ ਹਰੇ ਰੰਗ ਦੀਆਂ ਚਾਦਰਾਂ ਟੰਗ ਲਈਆਂ ਹਨ ਤਾਂ ਕਿ ਸਿੱਧੀ ਧੁੱਪ ਪੈਣ ਤੋਂ ਬਚਾਓ ਹੋ ਸਕੇ|
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦੀ ਰੁੱਤ ਜਲਦੀ ਹੀ ਸ਼ੁਰੂ ਹੋ ਗਈ ਸੀ ਅਤੇ ਇਹ ਰੁੱਤ ਲੰਮਾ ਸਮਾਂ ਚਲੇਗੀ| ਪੈ ਰਹੀ ਤੇਜ ਗਰਮੀ ਪਿਛਲੇ ਸਾਲਾਂ ਦੇ ਕਈ ਰਿਕਾਰਡ ਤੋੜ ਰਹੀ ਹੈ| ਭਾਵੇਂ ਕਿ ਪਿਛਲੇ ਦਿਨੀਂ ਭਰਵੀਂ ਬਰਸਾਤ ਪੈਣ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਸੀ ਪਰ ਹੁਣ ਫਿਰ ਗਰਮੀ ਜੋਰ ਫੜ ਗਈ ਹੈ|
ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਕਾਰਨ ਵੀ ਗਰਮੀ ਵਿਚ ਵਾਧਾ ਹੋ ਰਿਹਾ ਹੈ| ਉਹਨਾਂ ਕਿਹਾ ਕਿ ਵਾਹਨਾਂ ਦੇ ਧੂੰਏ ਅਤੇ ਫੈਕਟਰੀਆਂ ਵਿੱਚ ਨਿਕਲਦੇ ਧੂੰਏ ਕਾਰਨ ਵੀ ਬਹੁਤ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ, ਇਸ ਕਾਰਨ ਹੀ ਗਰਮੀ ਵੀ ਬਹੁਤ ਪੈ ਰਹੀ ਹੈ ਕਿਉਂਕਿ ਇਸ ਜਹਿਰੀਲੇ ਧੂੰਏ ਦਾ ਅਸਰ ਸਿੱਧਾ ਮੌਸਮ ਉੱਪਰ ਹੁੰਦਾ ਹੈ ਅਤੇ ਮੌਸਮ ਦੀ ਮਾਰ ਇਨਸਾਨਾਂ ਉਪਰ ਪੈਂਦੀ ਹੈ| ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤੇਜ ਗਰਮੀ ਪੈਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *