‘ਗਰਲਜ਼ ਰਾਇਜ਼ ਫਾਰ ਮੁਹਾਲੀ’ ਸੰਸਥਾ ਨੇ ਲਗਾਏ ਬੂਟੇ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਗਰਲ਼ਜ਼ ਰਾਇਜ਼ ਫਾਰ ਮੁਹਾਲੀ ਨੇ ਜ਼ਿਲਾ ਜੰਗਲਾਤ ਵਿਭਾਗ ਨਾਲ ਮਿਲਕੇ ਫੇਜ਼ 11 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੂਟੇ ਲਾਏ| ਇਸ ਮੌਕੇ ਸੰਸਥਾ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ  ਕੌਰ ਨੇ ਕਿਹਾ ਕਿ ਵਾਤਾਵਰਣ ਦੀ ਸਾਂਭ-ਸਭਾਂਲ ਕਰਨਾ ਸਾਡੀ ਮੁਢਲੀ ਜਿੰਮੇਵਾਰੀ ਹੈ ਇਸ ਲਈ ਹਰ ਆਦਮੀ ਨੂੰ ਆਪਣੀ ਜ਼ਿੰਦਗੀ ਵਿਚ ਘਟੋਂ ਘਟ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ| ਪੈਸੇ ਕਮਾਉਣ ਦੀ ਦੌੜ  ਵਿੱਚ ਅੰਨ੍ਹਾ ਹੋ ਕੇ ਮਨੁੱਖ ਜਿਸ ਤਰ੍ਹਾਂ ਰੁੱਖਾਂ ਦਾ ਘਾਣ ਕਰ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋ ਸਾਡੀ ਇਹ ਧਰਤੀ ਗੈਸ ਦਾ ਚੈਂਬਰ ਬਣ ਜਾਵੇਗੀ ਅਤੇ ਸਾਡੇ ਸਾਹ ਲੈਣ ਲਈ ਸ਼ੁੱਧ ਹਵਾ ਸਾਨੂੰ ਖਰੀਦਣੀ ਪਵੇਗੀ| ਇਸ ਮੌਕੇ ਜ਼ਿਲਾ ਜੰਗਲਾਤ ਅਫਸਰ ਸ. ਗੁਰਅਮਨ ਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵਾਤਾਵਰਣ ਨੂੰ ਲੈ ਕੇ ਬਹੁਤ ਚਿੰਤਿਤ ਹੈ ਇਸ ਲਈ ਜੰਗਲਾਤ ਵਿਭਾਗ ਵਾਤਾਵਰਣ ਦੀ ਸੰਭਾਲ ਕਰ ਰਹੀਆਂ ਸੰਸਥਾਵਾਂ ਨੂੰ ਮੁਫ਼ਤ ਬੂਟੇ ਮੁਹਈਆ ਕਰਵਾ ਰਿਹਾ ਹੈ ਅਤੇ ਓਹਨਾ ਦੇ ਨਾਲ ਅਗੇ ਵੱਧ ਕੇ ਵੱਧ ਤੋਂ ਵੱਧ ਹਰਿਆਲੀ ਲੈ ਕੇ ਆਣ ਵਿੱਚ ਭਰਪੂਰ ਸਹਿਯੋਗ ਕਰ ਰਿਹਾ ਹੈ| ਉਹਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਬੂਟਿਆਂ ਦੇ ਨਾਵਾਂ ਨਾਲ ਜਾਣੂ ਕਰਵਾਇਆ ਅਤੇ ਉਹਨਾਂ ਦੀ ਦੇਖਭਾਲ ਕਰਨ ਦੇ ਤਰੀਕੇ ਵੀ ਦੱਸੇ|  ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਪਾਲ ਕੌਰ ਨੇ ਕਿਹਾ ਕਿ ਜਿੰਨਾ ਜਰੂਰੀ ਬੂਟੇ ਲਗਾਉਣਾ ਹੈ ਓਨਾ ਹੀ ਜਰੂਰੀ ਓਹਨਾ ਦੀ ਦੇਖਭਾਲ ਕਰਨਾ ਹੈ| ਇਸ ਮੌਕੇ ਸੰਸਥਾ ਦੇ ਮੈਂਬਰ ਅਤੇ ਸਕੂਲ ਦਾ ਸਟਾਫ ਵੀ ਮੌਜੂਦ ਸਨ|

Leave a Reply

Your email address will not be published. Required fields are marked *