ਗਰਲਜ਼ ਰਾਈਜ਼ ਫਾਰ ਮੁਹਾਲੀ ਨੇ ਦਿਖਾਈ ਚਿਲਡਰਨ ਹੋਮ ਦੀਆਂ ਬੱਚੀਆਂ ਨੂੰ ਫਿਲਮ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਔਰਤਾਂ ਦੇ ਸ਼ਸਕਤੀਕਰਨ ਨੂੰ ਲੈ ਕੇ ਹੋਂਦ ਵਿੱਚ ਆਈ ਸਮਾਜ ਸੇਵੀ ਸੰਸਥਾ ਗਰਲਜ਼ ਰਾਈਜ਼ ਫਾਰ ਮੁਹਾਲੀ (ਜੀਆਰਐਮ) ਵੱਲੋਂ ਅੱਜ ਨਵ-ਪ੍ਰਯਾਸ ਚਿਲਡਰਨ ਹੋਮ ਦੀਆਂ ਬੱਚੀਆਂ ਨੂੰ ‘ਦੰਗਲ’ ਫਿਲਮ ਦਿਖਾਈ ਗਈ| ਇਸ ਮੌਕੇ ਸੰਸਥਾ ਦੀਆਂ ਸਮੂਹ ਮੈਂਬਰਾਂਨ ਨੇ ਸਾਰਾ ਦਿਨ ਬੱਚਿਆਂ ਨਾਲ ਬਿਤਾਇਆ ਅਤੇ ਇਹਨਾਂ ਬੱਚਿਆਂ ਨੂੰ ਹੋਰ ਬੱਚਿਆਂ ਵਾਂਗ ਅੱਗੇ ਵਧਣ ਦੇ ਰਾਹ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ| ਫਿਲਮ ਤੋਂ ਬਾਅਦ ਔਰਤ ਸ਼ਸ਼ਕਤੀਕਰਨ ਦੇ ਮੁੱਦੇ ‘ਤੇ ਵਿਚਾਰ ਚਰਚਾ ਦੌਰਾਨ ਸੰਸਥਾ ਦੀ ਪ੍ਰਧਾਨ ਅਤੇ ਵਾਰਡ ਨੰਬਰ 29 ਤੋ ਮਿਉਂਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਕਿਹਾ ਕਿ ਸੰਸਥਾ ਦੀ ਨੀਂਹ ਹੀ ਔਰਤਾਂ ਨੂੰ ਹਰ ਪੱਖੋਂ ਅੱਗੇ ਲਿਜਾਣ ਲਈ ਰੱਖੀ ਗਈ ਹੈ ਅਤੇ ਅੱਜ ਚਿਲਡਰਨ ਹੋਮ ਦੀਆਂ ਕੁੜੀਆਂ ਨੂੰ ‘ਦੰਗਲ’ ਫਿਲਮ ਦਿਖਾਉਣ ਦਾ ਮਕਸਦ ਵੀ ਇਹੀ ਸੀ ਕਿ ਉਹ ਮਰਦਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸਗੋਂ ਇੱਕ ਵਾਰ ਦ੍ਰਿੜ ਨਿਸ਼ਚਾ ਕਰ ਕੇ ਉਹ ਆਪਣੇ ਉਦੇਸ਼ ਵਿੱਚ ਸਫਲ ਹੋ ਸਕਦੀਆਂ ਹਨ| ਸੰਸਥਾ ਦੀ ਮੈਂਬਰ ਅਤੇ ਥਿਏਟਰ ਤੇ ਫਿਲਮ ਕਲਾਕਾਰ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਹ ਇਹਨਾਂ ਬੱਚੀਆਂ ਦੀ ਹੀ ਇੱਕ ਨਾਟਕ ਟੀਮ ਚਿਲਡਰਨ ਹੋਮ ਵਿੱਚ ਹੀ ਤਿਆਰ ਕਰਨਗੇ ਅਤੇ ਨੇੜ ਭਵਿੱਖ ਵਿੱਚ ਕੋਈ ਨਾਟਕ ਲੋਕਾਂ ਦੀ ਕਚਿਹਰੀ ‘ਚ ਪੇਸ਼ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਵੱਖ ਵੱਖ ਚਿਲਡਰਨ ਹੋਮਜ਼ ‘ਚ ਰਹਿੰਦੇ ਬੱਚੇ ਕਾਨਵੈਂਟ ਸਕੂਲਾਂ ‘ਚ ਪੜ੍ਹਦੇ ਹੋਰਾਂ ਬੱਚਿਆਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਬਸ਼ਰਤੇ ਉਹਨਾਂ ਨੂੰ ਬਰਾਬਰੀ ਦੇ ਮੌਕੇ ਪ੍ਰਦਾਨ ਕੀਤੇ ਜਾਣ| ਇਹਨਾਂ ਬੱਚਿਆਂ ‘ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਸਗੋਂ ਇਹ ਬੱਚੇ ਹੋਰ ਬੱਚਿਆਂ ਨਾਲੋਂ ਮਾਨਸਿਕ ਤੌਰ ‘ਤੇ ਜ਼ਿਆਦਾ ਤਕੜੇ ਹਨ| ਸੰਸਥਾ ਦੀ ਸਰਗਰਮ ਮੈਂਬਰ ਬੀਬੀ ਗੁਰਪ੍ਰੀਤ ਭੱਟੀ ਨੇ ਕਿਹਾ ਕਿ ਔਰਤਾਂ ਦੀ ਅੱਗੇ ਵਧਣ ਦੀ ਪ੍ਰਵਿਰਤੀ ਨੂੰ ਮਰਦਾਂ ਨਾਲ ਤੁਲਨਾ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ ਕਿਉਂਕਿ ਔਰਤਾਂ ਦੀ ਇੱਕ ਵੱਖਰੀ ਹਸਤੀ ਹੈ| ਉਹਨਾਂ ਕਿਹਾ ਕਿ ਕਈ ਵਾਰ ਅੱਗੇ ਵਧਦੀ ਅਗਾਂਹਵਧੂ ਔਰਤ ਦੀ ਮਰਦ ਨਾਲ ਤੁਲਨਾ ਹੁੰਦੀ ਹੈ ਜਿਸ ਨਾਲ ਕਿਤੇ ਨਾ ਕਿਤੇ ਮਰਦ ਦੀ ਸੱਤਾ ਨੂੰ ਹੀ ਬਲ ਮਿਲਦਾ ਹੈ|

Leave a Reply

Your email address will not be published. Required fields are marked *