ਗਰਾਮ ਸਭਾ ਦੇ ਮਤੇ ਪੈਣ ਤੋਂ ਬਾਅਦ ਭਾਜਪਾ ਦੀ ਹਵਾ ਖਿਸਕੀ : ਇੰਦਰਜੀਤ ਸੰਧੂ

ਪਟਿਆਲਾ, 2 ਅਕਤੂਬਰ (ਜਸਵਿੰਦਰ ਸੈਂਡੀ) ਕੇਂਦਰ ਵੱਲੋਂ ਧੱਕੇ ਨਾਲ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਖੇਤੀ ਬਿਲਾਂ ਨੂੰ ਚੈਲੇਂਜ ਦੇਣ ਲਈ ਪਿੰਡਾਂ ਦੀਆਂ ਗਰਾਮ ਸਭਾਵਾਂ ਦੇ  ਇਜਲਾਸ ਦੇ ਮਤੇ ਪਾਏ ਜਾਣੇ ਅਤਿ ਜ਼ਰੂਰੀ ਹਨ ਅਤੇ ਪੰਜਾਬ ਦੇ ਪਿੰਡਾ ਵਿੰਚ ਗ੍ਰਾਮ ਸਭਾਵਾਂ ਵਲੋਂ ਇਹ ਮਤੇ ਪਾਸ ਕੀਤੇ ਜਾਣ ਨਾਲ ਭਾਜਪਾ ਦੀ ਹਵਾ ਖਿਸਕ ਗਈ ਹੈ| ਇਹ ਗੱਲ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਸੰਧੂ ਨੇ ਪਿੰਡ ਦੌਣ ਖੁਰਦ ਵਿਖੇ ਇੱਕ ਨੁੱਕੜ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਆਖੀ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਦੋਂ ਇਹਨਾਂ ਬਿਲਾਂ ਨੂੰ ਪਾਸ ਕੀਤਾ ਜਾ ਚੁੱਕਿਆ ਹੈ ਤਾਂ ਇਨ੍ਹਾਂ ਧਰਨੇ ਮੁਜ਼ਾਰਿਆ ਦਾ ਕੋਈ ਠੋਸ ਆਧਾਰ ਨਹੀਂ ਰਹਿ ਗਿਆ ਹੈ| ਉਹਨਾਂ ਕਿਹਾ ਕਿ ਗਰਾਮ ਸਭਾ ਮਤਾ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਸਨੂੰ ਕੋਈ ਅਦਾਲਤ ਵੀ ਚੈਲੇਂਜ ਨਹੀਂ ਦੇ ਸਕਦੀ ਅਤੇ ਜੇਕਰ ਪੰਜਾਬ ਦੇ ਦੋ ਤਿਹਾਈ ਲੋਕ ਗਰਾਮ ਸਭਾ ਮਤਿਆਂ ਰਾਹੀਂ ਕਿਸਾਨ ਵਿਰੋਧੀ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਦੇ ਹਨ ਤਾਂ ਇਸਦਾ ਅਰਥ ਇਹ ਸਮਝਿਆ ਜਾਵੇਗਾ ਕਿ ਪੰਜਾਬ ਦੇ ਆਮ ਲੋਕ ਇਸ ਕਾਨੂੰਨ ਦੇ ਖਿਲਾਫ ਹਨ| 
ਉਹਨਾਂ ਕਿਹਾ ਕਿ ਜਿਸ ਦਿਨ ਤੋਂ ਗਰਾਮ ਸਭਾ ਦੇ ਮਤੇ ਪੈਣੇ ਸ਼ੁਰੂ ਹੋਏ ਹਨ ਉਦੋਂ ਤੋਂ ਭਾਜਪਾ ਦੀ ਹਵਾ ਖਿਸਕਣੀ ਸ਼ੁਰੂ ਹੋ ਗਈ ਹੈ ਅਤੇ ਉਹ ਇਹਨਾਂ ਕਾਨੂੰਨਾਂ ਤੇ ਵਿਚਾਰ ਕਰਨ ਲਈ 10 ਮੈਂਬਰੀ ਸੂਬਾ ਪੱਧਰੀ ਕਮੇਟੀ ਬਣਾ ਰਹੀ ਹੈ| ਇਸਦੇ ਨਾਲ ਹੀ ਭਾਜਪਾ ਦੇ ਕਈ ਲੀਡਰ ਪਾਰਟੀ ਛੱਡ ਚੁੱਕੇ ਹਨ ਅਤੇ ਬਹੁਤ ਸਾਰੇ ਸੂਬਾਈ ਅਤੇ ਜਿਲਾ ਪੱਧਰੀ ਆਗੂ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ| 
ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕਾਨੂੰਨੀ ਪ੍ਰਕਿਰਿਆ ਬਾਰੇ ਸਾਰੇ ਇਲਾਕੇ ਵਿੱਚ ਪ੍ਰਚਾਰ ਕਰਕੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਗੇ| ਇਸ ਮੌਕੇ ਸੁਖਦੀਪ ਸਿੰਘ ਬਿੱਟੂ, ਭਗਵਾਨ ਸਿੰਘ ਦੌਣ ਖੁਰਦ, ਮਾਸਟਰ ਗੁਰਨਾਮ ਸਿੰਘ, ਰਾਮ ਸਿੰਘ, ਮਨਪ੍ਰੀਤ ਮਹਿਮਦਪੁਰ, ਅਮਨਿੰਦਰ ਸਿੰਘ ਚੀਮਾ ਭਟੇੜੀ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜਿਰ ਸਨ|

Leave a Reply

Your email address will not be published. Required fields are marked *