ਗਰੀਬ ਮਜਦੂਰ ਦਾ ਘਰ ਡਿੱਗਿਆ, ਤਿੰਨ ਬੱਚੇ ਜਖਮੀ ਡਿਪਟੀ ਕਮਿਸ਼ਨਰ ਵਲੋਂ ਸਹਾਇਤਾ ਦੇਣ ਤੋਂ ਇਨਕਾਰ

ਐਸ ਏ ਐਸ ਨਗਰ, 6 ਫਰਵਰੀ (ਸ.ਬ.)  ਅੱਜ ਸਵੇਰੇ ਲੰਬਿਆ ਪਿੰਡ ਵਿਖੇ ਦਿਹਾੜੀਦਾਰ ਮਜਦੂਰ ਕੁਲਵੰਤ ਸਿੰਘ ਦਾ ਘਰ ਅਚਾਨਕ ਡਿੱਗ ਪਿਆ, ਜਿਸ ਕਾਰਨ ਘਰ ਵਿਚ ਸੁੱਤੇ ਪਏ ਉਸਦੇ ਤਿੰਨ ਬੱਚੇ ਜਖਮੀ ਹੋ ਗਏ| ਇਹਨਾਂ ਬੱਚਿਆਂ ਨੂੰ ਫੇਜ-6 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿਤਾ ਗਿਆ ਹੈ |  ਮੌਕੇ ਉਪਰ ਕੌਂਸਲਰ ਸਤਵੀਰ ਸਿੰਘ ਧਨੋਆ ਪਹੁੰਚੇ ਅਤੇ ਨੁਕਸਾਨ ਦਾ ਜਾਇਜਾ ਲਿਆ|
ਦਿਹਾੜੀਦਾਰ ਕੁਲਵੰਤ ਸਿੰਘ ਨੇ ਦਸਿਆ ਕਿ ਉਹ ਆਪਣੇ ਡਿੱਗੇ ਹੋਏ ਘਰ ਦੀ ਮੁਰੰਮਤ ਕਰਵਾਉਣ ਅਤੇ ਬੱਚਿਆਂ ਦੇ ਇਲਾਜ ਲਈ ਸਰਕਾਰੀ ਮਦਦ ਲੈਣ ਲਈ ਇਕ ਬੇਨਤੀ ਪੱਤਰ ਕੌਂਸਲਰ ਸਤਵੀਰ ਸਿੰਘ ਧਨੋਆ ਤੋਂ ਤਸਦੀਕ ਕਰਵਾ ਕੇ ਡਿਪਟੀ ਕਮਿਸਨਰ ਮੁਹਾਲੀ ਕੋਲ ਗਿਆ ਪਰ ਡੀ ਸੀ ਮੁਹਾਲੀ ਨੇ ਉਸਦਾ ਬੇਨਤੀ ਪੱਤਰ ਲੈਣ ਦੀ ਥਾਂ ਸਪਸ਼ਟ ਇਨਕਾਰ ਕਰ ਦਿਤਾ ਅਤੇ ਸਰਕਾਰੀ ਸਹਾਇਤਾ           ਦੇਣ ਦੀ ਕੋਈ ਹਾਮੀ ਨਹੀਂ ਭਰੀ|
ਇਸ ਸਬੰਧੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੇ ਕੇਸਾਂ ਦੀ ਜਾਂਚ ਕਰਕੇ ਪੀੜਤਾਂ ਦੀ ਆਰਥਿਕ ਸਹਾਇਤਾ ਜਰੂਰ ਕਰਨੀ ਚਾਹੀਦੀ ਹੈ| ਉਹਨਾਂ ਕਿਹਾ ਕਿ ਫੌਕੇ ਦਿਖਾਵਿਆਂ ਉਪਰ ਤਾਂ ਪ੍ਰਸ਼ਾਸਨ ਵਲੋਂ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ ਪਰ ਪੀੜਤ ਪਰਿਵਾਰਾਂ ਦੀ ਮਦਦ ਨਹੀਂ ਕੀਤੀ ਜਾਂਦੀ|
ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਗਰੀਬਾਂ ਨੂੰ ਘਰ ਬਣਾ ਕੇ ਦੇ ਰਹੀ ਹੈ ਅਤੇ ਆਰਥਿਕ ਸਹਾਇਤਾ ਵੀ ਕਰ ਰਹੀ ਹੈ ਪਰ ਦੂਜੇ ਪਾਸੇ ਜਿਸ ਗਰੀਬ ਦਾ ਘਰ ਹੀ ਢਹਿ ਗਿਆ ਹੈ,ਉਸਦੀ ਕੋਈ ਵੀ ਮਦਦ ਪ੍ਰਸਾਸਨ ਵਲੋਂ ਨਹੀਂ ਕੀਤੀ ਜਾ ਰਹੀ| ਉਹਨਾਂ ਮੰਗ ਕੀਤੀ ਕਿ ਇਸ ਪੀੜਤ ਵਿਅਕਤੀ ਦੀ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਵੇ|

Leave a Reply

Your email address will not be published. Required fields are marked *