ਗਲੀਆਂ ਵਿੱਚ ਉੱਚੀ ਆਵਾਜ ਵਿੱਚ ਸੰਗੀਤ ਚਲਾ ਕੇ ਘੁੰਮਦੀਆਂ ਰੇਹੜੀਆਂ ਵਾਲਿਆਂ ਤੇ ਰੋਕ ਲਗਾਏ ਪ੍ਰਸ਼ਾਸ਼ਨ : ਬਲਾਸਮ ਸਿੰਘ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ


ਐਸ ਏ ਐਸ ਨਗਰ, 7 ਨਵੰਬਰ (ਸ.ਬ.) ਫੇਜ 5 ਦੀ ਸਮਾਜ ਸੇਵੀ ਬਲਾਸਮ ਸਿੰਘ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ  ਮੁਹਾਲੀ ਸ਼ਹਿਰ ਵਿੱਚ ਉੱਚੀ ਆਵਾਜ ਵਿੱਚ ਸੰਗੀਤ ਚਲਾ ਕੇ ਘੰਮਦੀਆਂ ਰੇਹੜੀਆਂ ਵਾਲਿਆਂ ਤੇ ਕਾਬੂ ਕੀਤਾ ਜਾਵੇ ਅਤੇ ਇਹਨਾਂ                ਰੇਹੜੀਆਂ ਤੇ ਵੱਜਦੇ ਸੰਗੀਤ ਦੀ ਆਵਾਜ ਘੱਟ ਕਰਵਾਈ ਜਾਵੇ|
ਆਪਣੇ ਪੱਤਰ ਵਿਚ ਉਹਨਾਂ ਲਿਖਿਆ ਹੈ ਕਿ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਗਊਸ਼ਾਲਾ ਵਿੱਚ ਰਹਿੰਦੀਆਂ ਗਊਆਂ ਲਈ ਰੋਟੀਆਂ ਅਤੇ ਹੋਰ ਸਮਾਨ ਇਕਠਾ ਕਰਨ ਵਾਲੀਆਂ ਰੇਹੜੀਆਂ ਘੁੰਮਦੀਆਂ ਹਨ ਜਿਹਨਾਂ ਵਲੋਂ ਲੋਕਾਂ ਦੇ ਘਰੋ ਘਰੀਂ ਜਾ ਕੇ ਇਹ ਸਾਮਾਨ ਇਕੱਠਾ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਇਹ ਰੇਹੜੀਆਂ ਵਾਲੇ ਬਹੁਤ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹਨ ਜਿਸ ਕਾਰਨ ਜਿੱਥੇ ਬਿਮਾਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉੱਥੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ| 
ਉਹਨਾਂ ਲਿਖਿਆ ਹੈ ਕਿ ਸਰਕਾਰ ਵਲੋਂ ਲਗਾਈਆਂ ਗਈਆਂ ਕੋਵਿਡ ਦੀਆਂ ਪਾਬੰਦੀਆਂ ਕਾਰਨ ਵੱਡੀ ਗਿਣਤੀ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਕੰਮ ਕਰਨ ਲਈ ਮਜਬੂਰ ਹਨ, ਪਰ ਇਹਨਾਂ ਰੇਹੜੀਆਂ ਉਪਰ ਉਚੀ ਆਵਾਜ ਵਿਚ ਵਜਦੇ ਸੰਗੀਤ ਕਾਰਨ ਉਹਨਾ ਦੇ ਕੰਮ ਵਿੱਚ ਵਿਘਨ ਪੈਂਦਾ ਹੈ| ਉਹਨਾਂ ਕਿਹਾ ਕਿ ਫੇਜ 5 ਵਿੱਚ ਵੀ ਗਊ ਗ੍ਰਾਸ ਕਮੇਟੀ ਦੀ ਇੱਕ                ਰੇਹੜੀ ਰੋਜਾਨਾ ਘੁੰਮਦੀ ਹੈ, ਜਿਸਦੇ ਚਾਲਕ ਵਲੋਂ ਬਹੁਤ ਤੇਜ ਆਵਾਜ ਵਿੱਚ ਸਪੀਕਰ ਵਜਾਇਆ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਤੇਜ ਆਵਾਜ ਵਿਚ ਚਲਾਏ ਜਾਂਦੇ ਇਸ ਸੰਗੀਤ ਕਾਰਨ ਬਜੁਰਗਾਂ ਅਤੇ ਬਿਮਾਰ ਵਿਅਕਤੀਆਂ ਨੁੰ ਵੀ ਕਾਫੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਉਹਨਾਂ ਲਿਖਿਆ ਹੈ ਕਿ  ਇਸ ਤਰੀਕੇ ਨਾਲ ਜਨਤਕ ਤੌਰ ਤੇ ਤੇਜ ਆਵਾਜ ਵਿੱਚ ਸੰਗੀਤ ਵਜਾਉਣ ਦੀ ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਇਸਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਵੈਸੇ ਵੀ ਰੇਹੜੀ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਕਿਹੜੇ ਘਰ ਵਿਚੋਂ ਗਊਆਂ ਲਈ ਰੋਟੀਆਂ ਜਾਂ ਹੋਰ ਸਮਾਨ ਮਿਲਣਾ ਹੈ, ਇਸ ਲਈ ਇਹ ਰੇਹੜੀ ਵਾਲੇ ਸੰਗੀਤ ਵਜਾਏ ਬਿਨਾਂ ਅਤੇ ਉਹਨਾਂ ਘਰਾਂ ਦੀ ਘੰਟੀ ਵਜਾ ਕੇ ਰੋਟੀਆਂ ਅਤੇ ਹੋਰ  ਸਮਾਨ ਲੈ ਸਕਦੇ ਹਨ| ਇਸ ਤੋਂ ਇਲਾਵਾ ਗਊਆਂ ਲਈ ਰੋਟੀਆਂ ਅਤੇ ਹੋਰ ਸਮਾਨ ਦੇਣ ਵਾਲੇ ਲੋਕ ਆਪਣੇ ਘਰਾਂ ਦੇ ਬਾਹਰ ਡੱਬੇ ਰਖ ਕੇ ਉਹਨਾਂ ਵਿਚ ਰੋਟੀਆਂ ਅਤੇ ਹੋਰ ਸਮਾਨ ਰਖ ਸਕਦੇ ਹਨ, ਜਿਥੋਂ ਰੇਹੜੀਆਂ ਵਾਲੇ ਆਸਾਨੀ ਨਾਲ ਸਮਾਨ ਚੁੱਕ ਸਕਦੇ ਹਨ| 
ਪੱਤਰ ਵਿਚ ਉਹਨਾਂ ਮੰਗ ਕੀਤੀ ਹੈ ਕਿ ਇਸ ਤਰੀਕੇ ਨਾਲ ਤੇਜ ਆਵਾਜ ਵਿੱਚ  ਵੱਜਦੇ ਸੰਗੀਤ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ|

Leave a Reply

Your email address will not be published. Required fields are marked *