ਗਾਇਕਾ ਅਸ਼ੀਸ਼ ਕੌਰ ਦੇ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਦੋ ਧਾਰਮਿਕ ਗੀਤ ਸਿਹਤ ਮੰਤਰੀ ਸਿੱਧੂ ਵੱਲੋਂ ਰੀਲੀਜ਼
ਐਸ.ਏ.ਐਸ. ਨਗਰ , 27 ਨਵੰਬਰ (ਸ.ਬ.) ਗਾਇਕਾ ਅਸ਼ੀਸ਼ ਕੌਰ ਦੇ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਦੋ ਧਾਰਮਿਕ ਗੀਤ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲਂੋ ਰਿਲੀਜ਼ ਕੀਤੇ ਗਏ|
ਇਨ੍ਹਾਂ ਧਾਰਮਿਕ ਗੀਤਾਂ ਵਿੱਚ ਸਿੰਘ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਅਸਥਾਨ ਦੀ ਉਸਤਤ ਕੀਤੀ ਗਈ ਹੈ| ਪਹਿਲੇ ਗੀਤ ਵਿੱਚ ‘ਸਿੰਘ ਸ਼ਹੀਦਾਂ ਦਾ ਡੇਰਾ, ਜਿੱਥੇ ਲਗਦਾ ਏ ਮਨ ਮੇਰਾ, ਜੇ ਝਾੜੂ ਇੱਥੇ ਫੇਰਾਂ ਦਿਲ ਸਾਫ ਹੁੰਦਾ ਏ ਮੇਰਾ’ ਅਤੇ ਦੂਸਰੇ ਗੀਤ ਵਿੱਚ ਬਾਬਾ ਜੀ ਦੀ ਉਸਤਤ ਅਤੇ ਬਾਬਾ ਜੀ ਤੋਂ ਅਸੀਸ ਮੰਗਦੇ ਹੋਏ ਨਵੇਂ ਦਰਬਾਰ ਸਾਹਿਬ ਦੀ ਸੁੰਦਰਤਾ ਬਿਆਨ ਕਰਦੇ ਹੋਏ ਗਾਇਆ, ‘ਥੋਡਾ ਸੁਹਣਾ ਹੈ ਦਰਬਾਰ, ਬਾਬਾ ਹਨੂੰਮਾਨ ਸਿੰਘ ਜੀ ਜੱਥੇਦਾਰ’ਜੈ ਜੈ ਕਾਰ, ਜੈ ਜੈ ਕਾਰ’ ਨਾਲ ਹੀ ਬਾਬਾ ਜੀ ਦੇ ਜੀਵਨ ਬ੍ਰਿਤਾਂਤ ਦਾ ਜਿਕਰ ਵੀ ਕੀਤਾ ਹੈ|
ਇਹਨਾਂ ਗੀਤਾਂ ਦੀ ਧੁੰਨ, ਲੇਖਣ ਅਤੇ ਗਾਇਨ ਅਸ਼ੀਸ਼ ਕੌਰ ਵੱਲੋਂ ਕੀਤਾ ਗਿਆ ਹੈ ਅਤੇ ਦੋਵਾਂ ਗੀਤਾਂ ਦਾ ਸੰਗੀਤ ਜੱਗੀ ਗਿੱਲ ਵੱਲੋ ਦਿੱਤਾ ਗਿਆ ਹੈ| ਇਸ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ| ਸਤਰੰਗ ਏਂਟਰਟੈਨਮੈਟ ਵਲੋਂ ਰੀਲੀਜ਼ ਕੀਤੇ ਗਏ ਇਸ ਗੀਤ ਦੀ ਸ਼ੂਟਿੰਗ ਨਿਊਜੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਹੋਈ ਹੈ| ਇਸ ਗੀਤ ਦੇ ਕਾਸਟਿਊਮ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਡਿਜਾਈਨ ਕੀਤੇ ਗਏ ਹਨ| ਇਸ ਐਲਬਮ ਦੇ ਪ੍ਰੋਡਿਊਸਰ ਸ੍ਰ. ਸਰਵਜੀਤ ਸਿੰਘ ਹਨ|
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸ਼ੀਸ਼ ਕੌਰ ਦੀਆਂ ਦੋ ਧਾਰਮਿਕ ਕੈਸੇਟਾਂ ‘ਗਾਵਹੁ ਸਚੀ ਬਾਣੀ’ ਅਤੇ ‘ਤੱਤੀ ਤਵੀ’ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ| ਅਦਾਕਾਰੀ ਦੇ ਖੇਤਰ ਵਿੱਚ ਵੀ ਅਸ਼ੀਸ਼ ਕੌਰ ਪੰਜਾਬੀ ਵੀਡੀਓ ਐਲਬਮ ‘ਅਰਦਾਸ’ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਗੀਤ ‘ਅਸੀਂ ਪੰਜਾਬੀ ਹੁੰਨੇ ਹਾਂ’ ਅਤੇ ਕਾਮੇਡੀ ਐਲਬਮ ‘ਬਸਤੇ ਦਾ ਭਾਰ’ ਤੋਂ ਇਲਾਵਾ ਕਈ ਟੀ ਵੀ ਸੀਰੀਅਲਾਂ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ|