ਗਾਇਕ ਪ੍ਰਮੀਸ਼ ਤੇ ਹਮਲਾ ਕਰਨ ਵਾਲਾ ਦਿਲਪ੍ਰੀਤ-ਰਿੰਡਾ ਗਿਰੋਹ ਦਾ ਇੱਕ ਹੋਰ ਨਿਸ਼ਾਨੇਬਾਜ਼ ਦੁਵੱਲੀ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ

ਚੰਡੀਗੜ੍ਹ, 11 ਅਗਸਤ (ਸ.ਬ.) ਪੰਜਾਬੀ ਗਾਇਕ ਪ੍ਰਮੀਸ਼ ਵਰਮਾ ਤੇ ਹਮਲਾ ਕਰਨ ਵਿੱਚ ਕਥਿਤ ਤੌਰ ਤੇ ਸ਼ਾਮਲ ਦਿਲਪ੍ਰੀਤ-ਰਿੰਡਾ ਗਿਰੋਹ ਦੇ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ|
ਦਿਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਮਹੀਨੇ ਵਿੱਚ ਪੰਜਾਬ ਪੁਲੀਸ ਦੀ ਇਹ ਦੂਜੀ ਵੱਡੀ ਸਫ਼ਲਤਾ ਹੈ| ਇਸ ਨੇ ਫੇਸਬੁੱਕ ਤੇ ਗਾਇਕ ਨੂੰ ਧਮਕੀ ਦਿੱਤੀ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ|
21 ਵਰ੍ਹਿਆਂ ਦੇ ਇਸ ਖਤਰਨਾਕ ਨਿਸ਼ਾਨੇਬਾਜ਼ ਅਕਾਸ਼ ਦੀ ਤਿੰਨ ਸੂਬਿਆਂ ਦੀ ਪੁਲੀਸ ਨੂੰ ਭਾਲ ਸੀ| ਉਸ ਨੂੰ ਗ੍ਰਿਫ਼ਤਾਰ ਕਰਨ ਲਈ 9 ਕਿਲੋਮੀਟਰ ਤੱਕ ਉਸ ਦਾ ਪਿੱਛਾ ਕਰਨਾ ਪਿਆ ਅਤੇ ਬਾਅਦ ਵਿੱਚ ਰੂਪਨਗਰ ਜਿਲ੍ਹੇ ਦੇ ਸਿੰਘਪੁਰਾ ਇਲਾਕੇ ਵਿੱਚ ਹੋਈ ਦੁਵੱਲੀ ਗੋਲੀਬਾਰੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| ਉਸ ਕੋਲੋਂ ਇੱਕ ਵਿਦੇਸ਼ੀ ਮਾਊਜ਼ਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ|
ਮਹਾਰਾਸ਼ਟਰ ਦੇ ਨੰਦੇੜ ਦੇ ਵਸਨੀਕ ਅਕਾਸ਼ ਦੀ, ਹੱਤਿਆ ਦੇ ਪੰਜ ਅਤੇ ਡਕੈਤੀ ਤੇ ਲੁੱਟ ਖੋਹ ਦੇ 13 ਮਾਮਲਿਆਂ ਵਿੱਚ ਭਾਲ ਸੀ| ਉਸ ਦੀ ਆਰਮ ਐਕਟ ਦੇ ਹੇਠ ਵੀ ਮਹਾਰਾਸ਼ਟਰ, ਹਰਿਆਣਾ ਅਤੇ ਪੰਜਾਬ ਪੁਲੀਸ ਨੂੰ ਭਾਲ ਸੀ| ਅਕਾਸ਼ 17 ਸਾਲ ਦੀ ਉਮਰ ਤੋਂ ਹੀ ਅਪਰਾਧ ਜਗਤ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਸੀ|
ਰੂਪਨਗਰ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਦੁਵੱਲੀ ਗੋਲੀਬਾਰੀ ਵਿੱਚ ਕੋਈ ਵੀ ਪੁਲੀਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ| ਇਹ ਗੋਲੀਬਾਰੀ ਉਸ ਸਮੇਂ ਸ਼ੁਰੂ ਹੋਈ ਜਦੋਂ ਇਸ ਗੈਂਗਸਟਰ ਦੀ ਗੱਡੀ ਸਿੰਘਪੁਰਾ ਡਰੇਨ ਦੇ ਕੋਲ ਫਸ ਗਈ| ਗੈਂਗਸਟਰ ਦੇ ਖੱਬੇ ਮੋਢੇ ਕੋਲ ਗੋਲੀ ਲੱਗੀ| ਇਸ ਅਪ੍ਰੇਸ਼ਨ ਦੀ ਅਗਵਾਈ ਰੂਪ ਨਗਰ ਪੁਲੀਸ ਦੇ ਡੀ.ਐਸ.ਪੀ. ਅਤੇ ਸੀ.ਆਈ.ਏ.-1 ਅਤੇ ਸੀ.ਆਈ.ਏ.-2 ਵੱਲੋਂ ਕੀਤੀ ਗਈ|
ਰਿਪੋਰਟਾਂ ਦੇ ਅਨੁਸਾਰ ਅਕਾਸ਼, ਦਿਲਪ੍ਰੀਤ ਦਾ ਲੰਮੇ ਸਮੇਂ ਤੋਂ ਸਾਥੀ ਹੈ ਅਤੇ ਉਹ ਮੁਹਾਲੀ ਵਿਖੇ ਪੰਜਾਬੀ ਗਾਇਕ ਤੇ ਹੋਏ ਹਮਲੇ ਵਿੱਚ ਸ਼ਾਮਲ ਸੀ| ਉਸ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਕੇਸ ਦਰਜ ਹਨ|
ਪਿਛਲੇ ਮਹੀਨੇ ਦਿਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਸੁਣਵਾਈ ਲਈ ਲਿਜਾਣ ਮੌਕੇ ਪੁਲੀਸ ਹਿਰਾਸਤ ਵਿੱਚੋਂ ਛੁਡਾਉਣ ਲਈ ਅਕਾਸ਼, ਗਿਰੋਹ ਦੇ ਮੈਂਬਰਾਂ ਨੂੰ ਜਥੇਬੰਦ ਕਰ ਰਿਹਾ ਸੀ| ਉਸ ਨੇ ਸ਼ੁਕਰਵਾਰ ਨੂੰ ਆਨੰਦਪੁਰ ਸਾਹਿਬ ਨੇੜਿਓਂ ਬੰਦੂਕ ਦੀ ਨੋਕ ਤੇ ਇੱਕ ਫਾਰਚੂਨਰ ਗੱਡੀ ਖੋਹੀ ਸੀ| ਸ੍ਰੀ ਸ਼ਰਮਾ ਅਨੁਸਾਰ ਜਿਲ੍ਹਾ ਪੁਲੀਸ ਨੂੰ ਇਸ ਸਬੰਧ ਵਿੱਚ ਅਤਿ ਚੌਕਸ ਕੀਤਾ ਗਿਆ ਸੀ ਅਤੇ ਉਸ ਵੱਲੋਂ ਵੱਖ ਵੱਖ ਮੁੱਖ ਥਾਵਾਂ ਤੇ ਨਿਗਰਾਨੀ ਰੱਖੀ ਜਾ ਰਹੀ ਸੀ| ਇਨ੍ਹਾਂ ਸਥਿਤੀਆਂ ਵਿੱਚ ਹੀ ਪੁਲੀਸ ਨੇ ਉਸ ਵੇਲੇ ਅਕਾਸ਼ ਦਾ ਪਿੱਛਾ ਕੀਤਾ ਜਦੋਂ ਉਸ ਨੇ ਗੱਡੀ ਭਜਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ| ਉਸ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ|
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਹਿਲੇ 15 ਮਹੀਨਿਆਂ ਦੌਰਾਨ ਵੱਖ ਵੱਖ ਅਪਰਾਧੀ ਗਿਰੋਹਾਂ ਨਾਲ ਸਬੰਧਿਤ 922 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਅਤੇ ਵਿਕੀ ਗੌਂਡਰ, ਪ੍ਰੇਮਾ ਲਾਹੌਰੀਆ, ਸਵਿੰਦਰ, ਪ੍ਰਭਜੋਤ ਅਤੇ ਮੰਨਾ ਸਣੇ ਸੱਤ ਗੈਂਗਸਟਰਾਂ ਦਾ ਖਾਤਮਾ ਕੀਤਾ|

Leave a Reply

Your email address will not be published. Required fields are marked *