ਗਾਇਕ ਪ੍ਰੀਤ ਬਰਾੜ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰਨ ਸਬੰਧੀ ਮਾਮਲਾ ਦਰਜ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ.) ਖਰੜ ਨੇੜਲੇ ਪਿੰਡ ਨਿਹੋਲਕਾ ਦੇ ਵਸਨੀਕ ਗਗਨਦੀਪ ਸਿੰਘ ਵਲੋਂ ਜਿਲ੍ਹਾ ਐਸ. ਏ. ਐਸ. ਨਗਰ ਦੇ ਐਸ. ਐਸ. ਪੀ. ਨੂੰ ਪੰਜਾਬੀ ਗਾਇਕ ਪ੍ਰੀਤ ਬਰਾੜ ਦੇ ਖਿਲਾਫ ਦਿੱਤੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਗਾਇਕ ਪ੍ਰੀਤ ਬਰਾੜ ਅਤੇ ਉਸਦੇ ਭਰਾ ਪਰਮਿੰਦਰ ਸਿੰਘ ਬਰਾੜ ਖਿਲਾਫ ਸਥਾਨਕ ਮਟੌਰ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੀ ਯੂਥ ਵਿੰਗ ਦੀ ਖਰੜ ਇਕਾਈ ਦੇ ਪ੍ਰਧਾਨ ਸ੍ਰ.ਜਗਦੇਵ ਸਿੰਘ ਮਲੋਆ ਅਤੇ ਪੀੜ੍ਹਤ ਨੌਜਵਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਗਾਇਕ ਪ੍ਰੀਤ ਬਰਾੜ ਅਤੇ ਉਸਦੇ ਭਰਾ ਪਰਮਿੰਦਰ ਸਿੰਘ ਬਰਾੜ ਨੇ ਉਸਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਸ ਨਾਲ 4 ਲੱਖ 10 ਹਜਾਰ ਰੁਪਏ ਦੀ ਠੱਗੀ ਮਾਰ ਲਈ ਸੀ|
ਉਹਨਾਂ ਕਿਹਾ ਕਿ ਇਸ ਸੰਬੰਧੀ ਉਸ ਵਲੋਂ ਅਪ੍ਰੈਲ 2017 ਵਿੱਚ ਵੀ ਸ਼ਿਕਾਇਤ ਦਿੱਤੀ ਗਈ ਸੀ ਜਿਸਨੂੰ ਐਸ. ਐਸ. ਪੀ ਦਫਤਰ ਵੱਲੋਂ ਆਰਥਿਕ ਅਪਰਾਧ ਸ਼ਾਖਾ ਕੋਲ ਭੇਜਿਆ ਗਿਆ ਸੀ ਅਤੇ ਆਰਥਿਕ ਅਪਰਾਧ ਸ਼ਾਖਾ ਵੱਲੋਂ ਇਸ ਮਾਮਲੇ ਵਿੱਚ ਗਾਇਕ ਪ੍ਰੀਤ ਬਰਾੜ ਦੇ ਖਿਲਾਫ ਮਾਮਲਾ ਦਰਜ ਕਰਨ ਸੰਬੰਧੀ ਰਿਪੋਰਟ ਵੀ ਭੇਜ ਦਿੱਤੀ ਸੀ ਪਰੰਤੂ ਐਸ. ਐਸ. ਪੀ ਦਫਤਰ ਵੱਲੋਂ ਇਹ ਕਹਿ ਕੇ ਰਿਪੋਰਟ ਨੂੰ ਵਾਪਿਸ ਭੇਜ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਗਾਇਕ ਦੇ ਬਿਆਨ ਲੈ ਕੇ ਨਵੇਂ ਸਿਰੇ ਤੋਂ ਰਿਪੋਰਟ ਬਣਾਈ ਜਾਵੇ| ਉਹਨਾਂ ਦੱਸਿਆ ਕਿ ਗਾਇਕ ਪ੍ਰੀਤ ਬਰਾੜ ਵਿਦੇਸ਼ ਚਲਾ ਗਿਆ ਅਤੇ ਇਸ ਕਾਰਨ ਇਸ ਮਾਮਲੇ ਵਿੱਚ ਕਾਰਵਾਈ ਵਿਚਾਲੇ ਹੀ ਰੁਕੀ ਹੋਈ ਸੀ ਜਿਸ ਕਰਕੇ ਉਹਨਾਂ ਨੇ ਫਰਵਰੀ ਮਹੀਨੇ ਵਿੱਚ ਐਸ ਐਸ ਪੀ ਮੁਹਾਲੀ ਨੂੰ ਮੁੜ ਸ਼ਿਕਾਇਤ ਕੀਤੀ ਸੀ|
ਆਪਣੇ ਨਾਲ ਹੋਈ ਠੱਗੀ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ 2016 ਵਿੱਚ ਸੈਕਟਰ 35 ਵਿੱਚ ਪਾਰਕਿੰਗ ਵਾਲਿਆਂ ਕੋਲ ਨੌਕਰੀ ਕਰਦਾ ਸੀ ਅਤੇ ਉਸ ਦੌਰਾਨ ਉਹ ਗਾਇਕ ਪ੍ਰੀਤ ਬਰਾੜ (ਜੋ ਮਾਰਕੀਟ ਵਿੱਚ ਆਉਂਦਾ ਜਾਂਦਾ ਸੀ) ਦੇ ਸੰਪਰਕ ਵਿੱਚ ਆਇਆ ਸੀ| ਉਸਨੇ ਦੱਸਿਆ ਕਿ ਪ੍ਰੀਤ ਬਰਾੜ ਨੇ ਉਸਨੂੰ ਆਪਣੇ ਗਰੁੱਪ ਨਾਲ ਇੰਗਲੈਂਡ ਜਾਣ ਅਤੇ ਉੱਥੇ ਨੌਕਰੀ ਲਗਵਾਉਣ ਲਈ 9 ਲੱਖ ਰੁਪਏ ਮੰਗੇ ਸੀ ਅਤੇ ਕਿਹਾ ਕਿ ਅੱਧੇ ਪੈਸੇ ਇੱਥੇ ਦੇਵੇ ਅਤੇ ਬਾਕੀ ਰਕਮ ਉੱਥੇ ਪਹੁੰਚਣ ਤੇ ਲਈ ਜਾਵੇਗੀ| ਉਸਨੇ ਦੱਸਿਆ ਕਿ ਇਸ ਸੰਬੰਧੀ ਪਹਿਲਾ ਉਸਨੇ ਪ੍ਰੀਤ ਬਰਾੜ ਦੇ ਭਰਾ ਪਰਮਿੰਦਰ ਸਿੰਘ ਬਰਾੜ ਦੇ ਖਾਤੇ ਵਿੱਚ ਡੇਢ ਲੱਖ ਰੁਪਏ ਦੀ ਅਦਾਇਗੀ ਦਿੱਤੀ ਅਤੇ ਬਾਅਦ ਵਿੱਚ ਪ੍ਰੀਤ ਬਰਾੜ ਦੇ ਖਾਤੇ ਵਿੱਚ ਪਹਿਲਾਂ 60 ਹਜ਼ਾਰ ਫਿਰ 1.80 ਲੱਖ ਅਤੇ ਫਿਰ 20 ਹਜ਼ਾਰ ਰੁਪਏ ਜਮ੍ਹਾ ਕਰਵਾਏ ਪਰੰਤੂ ਪ੍ਰੀਤ ਬਰਾੜ ਅਤੇ ਉਸਦੇ ਭਰਾ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ ਜਿਸਤੇ ਉਸਨੇ ਅਪ੍ਰੈਲ 2017 ਐਸ. ਐਸ. ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਅਤੇ ਉਹਨਾਂ ਵਲੋਂ ਇਹ ਮਾਮਲਾ ਆਰਥਿਕ ਅਪਰਾਥ ਸ਼ਾਖਾ ਨੂੰ ਦਿੱਤਾ ਗਿਆ ਸੀ| ਇਸ ਦੌਰਾਨ ਹੋਈ ਜਾਂਚ ਵਿੱਚ ਪ੍ਰੀਤ ਬਰਾੜ ਅਤੇ ਉਸਦੇ ਭਰਾ ਨੇ ਇਹ ਗੱਲ ਮੰਨੀ ਸੀ ਕਿ ਉਹਨਾਂ ਨੇ ਪੈਸੇ ਲਏ ਹਨ ਅਤੇ ਉਸਨੂੰ ਇੱਕ 25 ਹਜ਼ਾਰ ਦਾ ਚੈਕ ਵੀ ਦਿੱਤਾ ਸੀ ਜੋ ਕੈਸ਼ ਹੋ ਗਿਆ ਸੀ| ਬਾਅਦ ਵਿੱਚ ਪ੍ਰੀਤ ਬਰਾੜ ਨੇ ਉਸਨੂੰ ਇੱਕ ਲੱਖ ਦਾ ਇੱਕ ਚੈਕ ਦਿੱਤਾ ਜੋ ਬੈਂਕ ਤੋਂ ਵਾਪਿਸ ਆ ਗਿਆ ਅਤੇ ਉਸਤੋਂ ਬਾਅਦ ਪ੍ਰੀਤ ਬਰਾੜ ਵਿਦੇਸ਼ ਚਲਾ ਗਿਆ ਅਤੇ ਇਹ ਮਾਮਲਾ ਉੱਥੇ ਹੀ ਰੁਕ ਗਿਆ ਸੀ ਪਰ ਉਹਨਾਂ ਵਲੋਂ ਐਸ ਐਸ ਪੀ ਮੁਹਾਲੀ ਨੂੰ ਫਰਵਰੀ ਮਹੀਨੇ ਵਿੱਚ ਮੁੜ ਸ਼ਿਕਾਇਤ ਦੇਣ ਅਤੇ ਸਾਰੀ ਜਾਣਕਾਰੀ ਐਸ ਐਸ ਪੀ ਮੁਹਾਲੀ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਗਾਇਕ ਪ੍ਰੀਤ ਬਰਾੜ ਅਤੇ ਉਸਦੇ ਭਰਾ ਵਿਰੁੱਧ ਮਟੌਰ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਸੰਬੰਧੀ ਪੰਜਾਬੀ ਗਾਇਕ ਪ੍ਰੀਤ ਬਰਾੜ ਅਤੇ ਉਸਦੇ ਭਰਾ ਪਰਮਿੰਦਰ ਸਿੰਘ ਬਰਾੜ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *