ਗਾਇਕ ਬਾਗੀ ਭੰਗੂ ਦਾ ਕਿਸਾਨ ਅੰਦੋਲਨ ਨੂੰ ਸਮਰਪਿਤ ਗੀਤ ‘ਕਿਸਾਨ ਮਨ’ ਰਿਲੀਜ਼

ਐਸ.ਏ.ਐਸ. ਨਗਰ, 22 ਫਰਵਰੀ (ਸ.ਬ.) ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ ਅਤੇ ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਕਈ ਲੋਕ ਕਿਸੇ ਮਜਬੂਰੀ ਕਰਕੇ ਧਰਨੇ ਵਿੱਚ ਆਪਣੀ ਹਾਜ਼ਰੀ ਨਹੀਂ ਲਗਵਾ ਸਕਦੇ। ਇਸੇ ਦੁਵਿਧਾ ਨੂੰ ਹੱਲ ਕਰਦਾ ਇਕ ਗੀਤ ‘ਕਿਸਾਨ ਮਨ’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਇਹ ਸੰਕੇਤਿਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੰਦੋਲਨਕਾਰੀ ਕਿਤੇ ਵੀ ਹੋਵੇ, ਕਿਸੇ ਵੀ ਕਿੱਤੇ ਵਿੱਚ ਕਿਉਂ ਨਾ ਹੋਵੇ, ਉਹ ਕਿਸਾਨੀ ਅੰਦੋਲਨ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਸਕਦਾ ਹੈ।

ਬਾਗੀ ਭੰਗੂ ਦੇ ਗਾਏ ਇਸ ਗੀਤ ਵਿੱਚ ਚਰਚਿਤ ਕਲਾਕਾਰ ਗੁਰਪ੍ਰੀਤ ਭੰਗੂ ਅਤੇ ਗੁਰਪ੍ਰੀਤ ਬਠਿੰਡਾ ਨੇ ਅਹਿਮ ਭੂਮਿਕਾ ਨਿਭਾਈ ਹੈ। ਗੀਤ ਦਾ ਨਿਰਦੇਸ਼ਨ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਬੰਦੇ ਕੋਲ ਭਾਵੇਂ ਬਹੁਤ ਹੀਲੇ ਵਸੀਲੇ ਨਾ ਵੀ ਹੋਣ ਫੇਰ ਵੀ ਉਹ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦਾ ਹੈ। ਅਸਲ ਵਿੱਚ ਰੋਸ ਦਿਲ ਵਿੱਚ ਨਹੀਂ ਹਾਕਮਾਂ ਦੇ ਮੂਹਰੇ ਨਿਕਲਣਾ ਚਾਹੀਦਾ ਹੈ। ਜਦ ਪਿੰਡ-ਪਿੰਡ, ਗਲੀ-ਗਲੀ ਰੋਸ ਪ੍ਰਦਰਸ਼ਨ ਦੀ ਆਵਾਜ਼ ਚੁੱਕੀ ਜਾਵੇਗੀ ਤਾਂ ਹੰਕਾਰ ਭਰੀ ਸਰਕਾਰ ਵੀ ਢਹਿ ਢੇਰੀ ਹੋ ਜਾਵੇਗੀ। ਰੋਸ ਜਤਾਉਣ ਦੇ ਬਹੁਤ ਤਰੀਕੇ ਹੁੰਦੇ ਹਨ ਪਰ ਅਹਿੰਸਾਵਾਦੀ ਤਰੀਕਾ ਹੀ ਸਭ ਤੋਂ ਜ਼ਿਆਦਾ ਕਾਰਗਰ ਹੁੰਦਾ ਹੈ। ਗੀਤ ਦੇ ਵੀਡੀਓ ਤੋਂ ਸਮਾਜ ਨੂੰ ਇੱਕ ਮਿਸਾਲ ਮਿਲਦੀ ਹੈ ਕਿ ਰੋਸ ਆਪਣੀ ਹੱਦ ਵਿੱਚ ਰਹਿ ਕੇ ਵੀ ਸ਼ਾਨਦਾਰ ਤਰੀਕੇ ਨਾਲ ਪ੍ਰਗਟਾਇਆ ਜਾ ਸਕਦਾ ਹੈ।

ਹਰਜਿੰਦਰ ਜੌਹਲ ਦੇ ਲਿਖੇ ਇਸ ਗਾਣੇ ਵਿੱਚ ਕਿਸਾਨ ਇੱਕ ਪੇਂਟਰ ਦੇ ਤੌਰ ਉੱਤੇ ਵੀ ਦਿਖਾਇਆ ਗਿਆ ਹੈ ਜੋ ਚੱਲ ਰਹੇ ਪ੍ਰਸੰਗ ਵਿੱਚ ਇਕ ਅਜਿਹੀ ਤਸਵੀਰ ਉਕੇਰਦਾ ਹੈ ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਿਸ ਤਰਾਂ ਨਿਰਦੋਸ਼ ਕਿਸਾਨਾਂ ਦੇ ਰਾਹਾਂ ਵਿੱਚ ਕੰਡੇ ਬੀਜ ਰਹੀਆਂ ਹਨ ਅਤੇ ਦੂਜੇ ਪਾਸੇ ਕਿਸਾਨ ਦੁਨੀਆਂ ਦਾ ਢਿੱਡ ਭਰਨ ਲਈ ਅੰਨ ਉਗਾ ਰਹੇ ਹਨ ਅਤੇ ਇਹ ਸਭ ਜਾਲਮ ਹਾਕਮ ਦੇਖ ਰਿਹਾ ਹੈ।

Leave a Reply

Your email address will not be published. Required fields are marked *