ਗਾਮੀਬੀਆ ਦੇ ਰਾਸ਼ਟਰਪਤੀ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ

ਬਾਂਜੁਲ, 21 ਦਸੰਬਰ (ਸ.ਬ.) ਪੱਛਮੀ ਅਫਰੀਕੀ ਦੇਸ਼ ਗਾਮੀਬੀਆ ਦੇ ਰਾਸ਼ਟਰਪਤੀ ਯਾਹਿਆ ਜਮੇਹ ਨੇ ਸੱਤਾ ਛੱਡਣ ਲਈ ਪੱਛਮੀ ਅਫਰੀਕੀ ਰਾਸ਼ਟਰਾਂ ਦੇ ਨੇਤਾਵਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ| ਪ੍ਰਾਪਤ ਜਾਣਕਾਰੀ ਮੁਤਾਬਕ ਏਡੇਮਾ ਬੈਰੋ ਗਾਮੀਬੀਆ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਜਨਵਰੀ ਵਿੱਚ ਰਾਸ਼ਟਰਪਤੀ ਅਹੁਦੇ ਦੀ ਸੋਹੁੰ ਚੁਕਣੀ ਹੈ ਪਰ ਜਮੇਹ ਵਲੋਂ ਅਸਤੀਫਾ ਨਾ ਦੇਣ ਕਾਰਨ ਅਜਿਹਾ ਹੋਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ| ਇਸ ਤੋਂ ਪਹਿਲਾਂ ਪੱਛਮੀ ਅਫਰੀਕੀ ਰਾਸ਼ਟਰਾਂ ਦੇ ਆਰਥਿਕ ਭਾਈਚਾਰੇ ਦੀ ਮੁਖੀ ਅਤੇ ਲੀਬੀਆ ਦੀ ਰਾਸ਼ਟਰਪਤੀ ਏਲਨ ਜਾਨਸਨ ਸਰਲੀਫ ਨੇ ਭਾਈਚਾਰੇ ਦੀ ਬੈਠਕ ਵਿੱਚ ਜਮੇਹ ਨੂੰ ਅਸਤੀਫਾ ਦੇਣ ਦੀ ਅਪੀਲ ਕੀਤੀ ਸੀ| ਉਨ੍ਹਾਂ ਨੇ ਅਫਰੀਕੀ ਨੇਤਾਵਾਂ ਨੂੰ 19 ਜਨਵਰੀ ਤੋਂ ਪਹਿਲਾਂ ਇਸ ਮਾਮਲੇ ਨੂੰ ਸੁਲਝਾਉਣ ਦਾ ਸੱਦਾ ਦਿੱਤਾ ਸੀ| ਦੱਸਣਯੋਗ ਹੈ ਕਿ ਜਮੇਹ ਪਿਛਲੇ 22 ਸਾਲ ਤੋਂ ਗਾਮੀਬੀਆ ਵਿੱਚ ਸ਼ਾਸਨ ਕਰ ਰਹੇ ਸਨ ਪਰ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਚੋਣ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| ਜਮੇਹ ਤੇ ਮੀਡੀਆ, ਮਾਨਵਅਧਿਕਾਰ ਕਾਰਜਕਰਤਾਵਾਂ, ਵਿਰੋਧੀ ਧਿਰ ਅਤੇ ਸਮਲਿੰਗੀਆਂ ਦੇ ਦਮਨ ਦੇ ਦੋਸ਼ ਲੱਗਦੇ ਰਹੇ ਹਨ| ਹਾਲਾਂਕਿ ਜਮੇਹ ਨੇ ਚੋਣ ਨਤੀਜੇ ਨੂੰ ਰੱਦ ਕਰ ਦਿੱਤਾ ਸੀ, ਜਿਸ ਦੀ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਸਮੇਤ ਕਈ ਅਫਰੀਕੀ ਰਾਸ਼ਟਰਾਂ ਨੇ ਨਿੰਦਾ ਕੀਤੀ ਸੀ|

Leave a Reply

Your email address will not be published. Required fields are marked *