ਗਾਜ਼ਾ ਸਰਹੱਦ ਉਤੇ ਇਕ ਫਿਲਸਤੀਨੀ ਪ੍ਰਦਰਸ਼ਨਕਾਰੀ ਦੀ ਮੌਤ ਤੇ 200 ਜ਼ਖਮੀ

ਗਾਜ਼ਾ, 4 ਅਗਸਤ (ਸ.ਬ.) ਗਾਜ਼ਾ ਸਰਹੱਦ ਉਤੇ ਫਿਲਸਤੀਨ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲ ਦੀ ਫੌਜ ਦੀ ਝੜਪ ਵਿੱਚ ਇਕ 25 ਸਾਲਾ ਫਿਲਸਤੀਨੀ ਨਾਗਰਿਕ ਦੀ ਮੌਤ ਹੋ ਗਈ| ਗਾਜ਼ਾ ਹਸਪਤਾਲ ਸੂਤਰਾਂ ਨੇ ਦੱਸਿਆ ਕਿ ਇਕ ਫਿਲਸਤੀਨੀ ਨਾਗਰਿਕ ਦੀ ਮੌਤ ਹੋ ਗਈ ਅਤੇ 200 ਤੋਂ ਵਧੇਰੇ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ| ਜ਼ਿਕਰਯੋਗ ਹੈ ਕਿ ਗਾਜ਼ਾ ਸਰਹੱਦ ਉਤੇ ਹੁਣ ਤਕ 156 ਫਿਲਸਤੀਨੀ ਗਾਜ਼ਾ ਵਿੱਚ ਪ੍ਰਦਰਸ਼ਨ ਦੌਰਾਨ ਮਾਰੇ ਜਾ ਚੁੱਕੇ ਹਨ ਅਤੇ ਇਕ ਇਜ਼ਰਾਇਲੀ ਫੌਜੀ ਦੀ ਮੌਤ ਹੋ ਗਈ|
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੱਥੇ ਪ੍ਰਦਰਸ਼ਨ ਜਾਰੀ ਹਨ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ| ਸਭ ਤੋਂ ਜ਼ਿਆਦਾ ਲੋਕ 14 ਮਈ ਨੂੰ ਮਾਰੇ ਗਏ | ਅਮਰੀਕਾ ਵਲੋਂ ਯੇਰੂਸ਼ਲਮ ਵਿਚ ਅਮਰੀਕੀ ਸਫਾਰਤਖਾਨੇ ਦਾ ਉਦਘਾਟਨ ਹੋਇਆ ਸੀ ਅਤੇ ਉਸ ਦਿਨ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਫਿਲਸਤੀਨੀ ਨਾਗਰਿਕ ਗਾਜ਼ਾ ਸਰਹੱਦ ਨੇੜੇ ਇਕੱਠੇ ਹੋਏ ਸਨ| ਉਨ੍ਹਾਂ ਨੂੰ ਸਰਹੱਦ ਤੋਂ ਖਦੇੜਣ ਲਈ ਇਜ਼ਰਾਇਲ ਦੀ ਫੌਜ ਨੇ ਗੋਲੀਬਾਰੀ ਕੀਤੀ ਸੀ| ਅਜੇ ਤਕ ਇਹ ਪ੍ਰਦਰਸ਼ਨ ਰੁਕਿਆ ਨਹੀਂ ਹੈ| ਸਰਹੱਦ ਪਾਰ ਤੋਂ ਇਕ-ਦੂਜੇ ਵੱਲ ਜਲਣਸ਼ੀਲ ਪਦਾਰਥ ਸੁੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਨੁਕਸਾਨ ਕਿਸਾਨਾਂ ਨੂੰ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਕਈ ਵਾਰ ਫਸਲਾਂ ਨੂੰ ਅੱਗ ਲੱਗ ਚੁੱਕੀ ਹੈ|

Leave a Reply

Your email address will not be published. Required fields are marked *