ਗਿਆਨੀ ਈਸ਼ਰ ਸਿੰਘ ਦਰਦ ਦਾ ਕਾਵਿ-ਸੰਗ੍ਰਿਹ ‘ਧੂੜ ਹੇਠਲੀ ਕਵਿਤਾ’’ਹੋਇਆ ਲੋਕ-ਅਰਪਣ

ਗਿਆਨੀ ਈਸ਼ਰ ਸਿੰਘ ਦਰਦ ਦਾ ਕਾਵਿ-ਸੰਗ੍ਰਿਹ ‘ਧੂੜ ਹੇਠਲੀ ਕਵਿਤਾ’’ਹੋਇਆ ਲੋਕ-ਅਰਪਣ
ਦਰਦ ਦੀ ਕਵਿਤਾ ਧੂੜ ਹੇਠਲੀ ਕਵਿਤਾ ਨਹੀਂ, ਬਲਕਿ ਧੂੜ ਹੇਠਲੇ ਲੋਕਾਂ ਦੀ ਕਵਿਤਾ -ਡਾ. ਸੁਖਦੇਵ ਸਿਰਸਾ
ਚੰਡੀਗੜ੍ਹ, 10 ਸਤੰਬਰ (ਸ.ਬ.) ਮਰਹੂਮ ਕਵੀ ਗਿਆਨੀ ਈਸ਼ਰ ਸਿੰਘ ਦਰਦ ਵਲੋਂ ਦੇਸ਼ ਦੀ ਵੰਡ ਤੋਂ ਪਹਿਲੋਂ ਅਤੇ ਮਗਰੋਂ ਲੱਗਭਗ ਪੰਜ ਦਹਾਕਿਆਂ ਦੌਰਾਨ ਰਚੀਆਂ ਰਾਜਸੀ, ਧਾਰਮਿਕ, ਸਮਾਜਿਕ ਅਤੇ ਪ੍ਰਗਤੀਵਾਦੀ ਕਵਿਤਾਵਾਂ ਦਾ ਉਹਨਾਂ ਦੇ ਪੁੱਤਰ ਰਿਪੁਦਮਨ ਸਿੰਘ ਰੂਪ ਵਲੋਂ ਸੰਪਾਦਿਤ ਕਾਵਿ ਸੰਗ੍ਰਿਹ ‘ਧੂੜ ਹੇਠਲੀ ਕਵਿਤਾ’’ਦਾ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਇਕ ਭਰਵੀਂ ਇਕੱਤਰਤਾ ਵਿੱਚ ਲੋਕ ਅਰਪਣ ਕੀਤਾ ਗਿਆ| ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਭਾਵੇਂ ਸ੍ਰੀ ਦਰਦ ਦੀਆਂ ਕਵਿਤਾਵਾਂ ਦਾ ਸੰਗ੍ਰਿਹ ਉਹਨਾਂ ਦੇ 1983 ਵਿਚ ਤੁਰ ਜਾਣ ਦੇ 35 ਸਾਲ ਮਗਰੋਂ ਪੁਸਤਕ ਦੇ ਰੂਪ ਵਿਚ ਆਇਆ ਪਰ ਇਹ ਕਵਿਤਾਵਾਂ ਅੱਜ ਵੀ ਪ੍ਰਸੰਗਕ ਹਨ ਅਤੇ ਇਹਨਾਂ ਵਿਚ ਸਾਡੇ ਸਮਾਜਿਕ ਅਤੇ ਰਾਜਸੀ ਜੀਵਨ ਵਿਚ ਜੰਮੀ ਧੂੜ ਨੂੰ ਸਾਫ਼ ਕਰਨ ਦੀ ਸਮਰੱਥਾ ਹੈ|
ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਨੇ ਕਿਹਾ ਕਿ ਜੇ ਅੱਜ ਦਰਦ ਸਾਹਿਬ ਦੀਆਂ ਅਣਛਪੀਆਂ ਕਵਿਤਾਵਾਂ ਦਾ ਕਿਤਾਬੀ ਰੂਪ ਸਾਹਮਣੇ ਨਾ ਆਉਂਦਾ ਤਾਂ ਇਹ ਗੱਲ ਪੰਜਾਬੀ ਸਾਹਿਤ ਸੰਸਾਰ ਵਿੱਚ ਪਤਾ ਹੀ ਨਾ ਲਗਦੀ ਕਿ ਪ੍ਰਤੀਬੱਧ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਪਿਤਾ ਸ੍ਰੀ ਦਰਦ ਦੁਰਦਰਸ਼ੀ, ਪ੍ਰਤੀਬੱਧ ਅਤੇ ਸੰਵੇਦਨਸ਼ੀਲ ਕਵੀ ਸਨ| ਪ੍ਰੋ. ਬਲਵਿੰਦਰ ਚਾਹਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਦਰਦ ਨੇ ਆਪਣੀ ਵਿਅੰਗਮਈ ਕਾਵਿਕ ਜੁਗਤਾਂ ਰਾਹੀਂ ਧਾਰਮਿਕ ਕਟੱੜਤਾ ਅਤੇ ਪਾਖੰਡ ਦਾ ਪਰਦਾ ਫਾਸ਼ ਕੀਤਾ ਹੈ|
ਉੱਘੀ ਸ਼ਾਇਰਾ ਮਨਜੀਤ ਇੰਦਰਾ ਨੇ ਸ੍ਰੀ ਦਰਦ ਦੀ ਸਾਹਿਤਕ ਸਮਰਥਤਾ ਅਤੇ ਕੱਦ ਬੁੱਤ ਨੂੰ ਉਹਨਾਂ ਦੇ ਸਮਕਾਲੀਆਂ ਪ੍ਰੋ. ਮੋਹਨ ਸਿੰਘ, ਹੀਰਾ ਸਿੰਘ ਦਰਦ, ਧਨੀ ਰਾਮ ਚਾਤ੍ਰਿਕ, ਗੁਰਮੁਖ ਸਿੰਘ ਮੁਸਾਫਿਰ ਨਾਲ ਮੇਚਦਿਆਂ ਕਿਹਾ ਕਿ ਦਰਦ ਦੀ ਕਵਿਤਾ ਨਿਮਾਣਿਆਂ-ਨਿਤਾਣਿਆਂ ਅਤੇ ਦੱਬਿਆਂ-ਕੁਚਲਿਆਂ ਦੀ ਕਵਿਤਾ ਹੈ| ਇਸ ਮੌਕੇ ਡਾ. ਸੁਰਿੰਦਰ ਗਿੱਲ, ਗੁਰਨਾਮ ਕੰਵਰ, ਡਾ. ਗੁਰਮੇਲ ਸਿੰਘ, ਸ੍ਰੀ ਨਿੰਦਰ ਘੁਗਿਆਣਵੀ, ਸ੍ਰੀ ਸੰਜੀਵਨ ਸਿੰਘ, ਐਡਵੋਕਟ ਜੋਗਿੰਦਰ ਸਿੰਘ ਤੁਰ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਬਲਕਾਰ ਸਿੱਧੂ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਕਾਵਿ ਸੰਗ੍ਰਿਹ ਦੀ ਛਪਾਈ ਦੇ ਸਫ਼ਰ ਬਾਰੇ ਸਾਂਝਾ ਪਾਈਆਂ ਅਤੇ ਆਪਣੀਆਂ ਦੋ ਸੱਜਰੀਆਂ ਕਵਿਤਾਵਾਂ ਵਾਹਗੇ ਦੇ ਐਧਰ ਵਾਹਗੇ ਦੇ ਓਧਰ’ਅਤੇ ਗਊ ਮਾਤਾ ਮੁਆਫ਼ ਕਰੀਂ’ਸਾਂਝੀਆਂ ਕੀਤੀਆਂ|
ਮੰਚ ਸੰਚਾਲਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਸ੍ਰੀ ਦੀਪਕ ਚਨਾਰਥਲ ਨੇ ਭਾਵ ਪੂਰਵ ਤਰੀਕੇ ਨਾਲ ਕੀਤਾ| ਸਮਾਗਮ ਦੌਰਾਨ ਗਿਆਨੀ ਈਸ਼ਰ ਸਿੰਘ ਦਰਦ ਦੇ ਪੁੱਤਰ ਸ੍ਰੀ ਕਸ਼ਮੀਰਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਮੀਤ, ਪਾਲ ਅਜਨਵੀ, ਤੇਜਾ ਸਿੰਘ ਥੂਹਾ, ਜਗਦੀਪ ਨੂਰਾਨੀ, ਭਗਤ ਰਾਮ ਰੰਗੜਾ, ਬਾਬੂ ਰਾਮ ਦੀਵਾਨਾ, ਹਰਮਿੰਦਰ ਕਾਲੜਾ, ਊਸ਼ਾ ਕੰਵਰ, ਮਲਕੀਤ ਬਸਰਾ, ਸਰਦਾਰਾ ਸਿੰਘ ਖੀਮਾ, ਡਾ. ਲਾਭ ਸਿੰਘ ਖੀਵਾ, ਗੁਰਦਰਸ਼ਨ ਸਿੰਘ ਮਾਵੀ, ਕਸ਼ਮੀਰ ਕੌਰ ਸੰਧੂ, ਐਡਵੋਕੇਟ ਸਪਨ ਧੀਰ, ਐਡਵੋਕੇਟ ਐਚ.ਪੀ.ਐਸ. ਰਾਹੀ, ਐਡਵੋਕੇਟ ਬਿਨਤ ਸ਼ਰਮਾ, ਐਡਵੋਕੇਟ ਦੀਪਕਾ, ਸੰਜੀਵ ਦੀਵਾਨ, ਰੰਜੀਵਨ ਸਿੰਘ ਐਡਵੋਕੇਟ, ਗੁਰਸੇਵ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *