ਗਿਨੀ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਹਿੰਸਾ, 5 ਦੀ ਮੌਤ

ਕੋਨਾਰਕੀ, 21 ਫਰਵਰੀ (ਸ.ਬ.) ਪੱਛਮੀ ਅਫਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕੋਨਾਰਕੀ ਵਿੱਚ ਅਧਿਆਪਕਾਂ ਦਾ ਪ੍ਰਦਰਸ਼ਨ ਹਿੰਸਕ ਹੋ ਜਾਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 30 ਜ਼ਖਮੀ ਹੋ ਗਏ| ਗਿਨੀ ਦੇ ‘ਮੁੱਖ ਅਧਿਆਪਕ ਸੰਘ’ ਨੇ ਇਕ ਫਰਵਰੀ ਤੋਂ ਹੀ ਸਰਕਾਰ ਵੱਲੋਂ ਜੂਨੀਅਰ ਅਧਿਆਪਕਾਂ ਨੂੰ ਹਟਾਉਣ ਅਤੇ ਤਨਖਾਹ ਵਿੱਚ ਕਟੌਤੀ ਕੀਤੇ ਜਾਣ ਦੇ ਫੈਸਲਿਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਸ਼ੁਰੂ ਕੀਤੇ ਸਨ| ਸਰਕਾਰ ਨੇ ਇਹ ਫੈਸਲਾ ਹਾਲ ਹੀ ਵਿੱਚ ਸਿਵਿਲ ਸੇਵਾ ਦੀ ਪ੍ਰੀਖਿਆ ਲਏ ਜਾਣ ਅਤੇ ਇਸਦੇ ਸਮਰਥਨ ਵਿੱਚ ਕਈ ਵਿਦਿਆਰਥੀਆਂ ਦੇ ਸੜਕਾਂ ਤੇ ਉਤਰਨ ਮਗਰੋਂ ਲਿਆ ਸੀ|
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਹ ਹਾਲਾਤ ਉਸ ਸਮੇਂ ਪੈਦਾ ਹੋਏ ਜਦ ਅਣਪਛਾਤੇ ਬਦਮਾਸ਼ਾਂ ਨੇ ਪੁਲੀਸ ਥਾਣੇ ਤੇ ਹਮਲਾ ਕੀਤਾ ਅਤੇ ਕੋਨਾਰਕੀ ਦੇ ਕਈ ਜ਼ਿਲਿਆਂ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋ ਗਈ| ਸਰਕਾਰ ਨੇ ਇਕ ਬਿਆਨ ਵਿੱਚ ਕਿਹਾ ਕਿ ਦੁਪਹਿਰ ਤਕ ਇਸ ਪ੍ਰਦਰਸ਼ਨ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ| ਉਨ੍ਹਾਂ ਨੇ ਇਸ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ| ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ 30 ਹੋਰ ਲੋਕ ਜ਼ਖਮੀ ਹੋ ਗਏ| ਸਰਕਾਰ ਨੇ ਕਿਹਾ ਕਿ ਅਧਿਆਪਕਾਂ ਦੇ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਇਕ ਸਮਝੌਤਾ ਕੀਤਾ ਸੀ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ|

Leave a Reply

Your email address will not be published. Required fields are marked *