ਗਿੱਪੀ ਗਰੇਵਾਲ ਨੂੰ ਦਿੱਲੀ ਕਿਸਾਨ ਮੋਰਚੇ ਦੇ ਮੰਚ ਤੇ ਨਾ ਚੜ੍ਹਣ ਦੇਣ ਸੰਚਾਲਕ : ਪੰਡਤ ਰਾਓ ਧਰੇਨਵਰ


ਐਸ ਏ ਐਸ ਨਗਰ, 14 ਦਸੰਬਰ (ਸ.ਬ.) ਪੰਜਾਬੀ ਅਤੇ ਪੰਜਾਬੀਅਤ ਲਈ ਆਵਾਜ ਬੁਲੰਦ ਕਰਨ ਵਾਲੇ ਚੰਡੀਗੜ੍ਹ ਦੇ ਸਰਕਾਰੀ ਕਾਲੇਜ ਦੇ ਪ੍ਰੋਫੈਸਰ ਪੰਡਰ ਰਾਓ ਧਰੇਨਵਰ ਨੇ ਦਿੱਲੀ ਬਾਰਡਰ ਤੇ ਚਲ ਰਹੇ ਕਿਸਾਨ ਮੋਰਚੇ ਦੇ ਸੰਚਾਲਕਾ ਤੋਂ ਮੰਗ ਕੀਤੀ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਗਿੱਪੀ ਗਰੇਵਾਲ ਨੂੰ ਇਸ ਪਵਿੱਤਰ ਸਾਂਝੇ ਮੰਚ ਤੇ ਨਾ ਚੜ੍ਹਨ ਦਿੱਤਾ ਜਾਵੇ| 
ਇਸ ਸੰਬੰਧੀ ਲਿਖੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਗਿੱਪੀ               ਗਰੇਵਾਲ ਨੇ ਕਿਸਾਨੀ ਅੰਦੋਲਨ ਦੌਰਾਨ (12 ਨਵੰਬਰ 2020 ਨੂੰ) ‘ਵੈਲਪੁਣਾ’ ਸਿਰਲੇਖ ਹੇਠ ਇਕ ਗਾਣਾ ਗਾਇਆ ਹੈ ਜਿਸ ਵਿੱਚ ਜਿੱਥੇ ਦੇਸੀ ਸ਼ਰਾਬ ਕੱਢਣ ਅਤੇ ਪੀਣ ਨੂੰ ਹਲ੍ਹਾਸ਼ੇਰੀ ਦਿੱਤੀ ਗਈ ਹੈ ਅਤੇ ਨਾਜਾਇਜ਼ ਹਥਿਆਰਾਂ ਦਾ ਬੇਲੋੜਾ ਵਿਖਾਵਾ ਵੀ ਕੀਤਾ ਗਿਆ ਹੈ| ਉਹਨਾਂ ਲਿਖਿਆ ਹੈ ਕਿ ਇਸ ਗਾਣੇ ਵਿਚ ਕੁਝ ਪੁਲੀਸ ਕਰਮਚਾਰੀਆਂ ਨੂੰ ਦੇਸੀ ਸ਼ਰਾਬ ਦੀ ਬੋਤਲ ਲਈ ਲਾਰਾਂ ਸੁੱਟਦਿਆਂ ਵਿਖਾ ਕੇ ਸਮੁੱਚੀ ਪੰਜਾਬ ਪੁਲੀਸ ਦਾ ਅਕਸ ਵਿਗਾੜਿਆ ਗਿਆ ਹੈ|
ਉਹਨਾਂ ਲਿਖਿਆ ਹੈ ਕਿ ਇਸ ਗਾਇਕ ਵਲੋਂ ਅਨਾਜ ਮੰਡੀਆਂ ਵਿੱਚ ਰੁਲ਼ਦੇ ਕਿਸਾਨਾਂ ਦੇ ਮਸਲਿਆਂ ਦੇ ਦ੍ਰਿਸ਼ ਵਿਖਾਉਣ ਦੀ ਬਜਾਏ ਆਪਣੇ ਗਾਣੇ ਵਿਚ ਹਥਿਆਰਾਂ ਦਾ ਇਕ ਪੂਰਾ ਬਜ਼ਾਰ ਵਿਖਾਕੇ ਭੜਕਾਊ ਮਾਹੌਲ ਸਿਰਜਿਆ ਗਿਆ ਹੈ ਅਤੇ ਗਾਇਕ ਨੇ ਆਪਣੇ ਦੋ ਬੱਚਿਆਂ ਨੂੰ ਇਸ ਗਾਣੇ ਦੀ ਵੀਡੀਓ ਵਿਚ ਨੱਚਣ ਲਾ ਦਿੱਤਾ ਹੈ ਜਿਸ ਦਾ ਪੰਜਾਬ ਦੀ ਨਵੀਂ ਪਨੀਰੀ ਅਤੇ ਨੌਜਵਾਨੀ ਤੇ ਬਹੁਤ ਮਾੜਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ|
ਉਹਨਾਂ ਲਿਖਿਆ ਹੈ ਕਿ ਕਿਸਾਨਾਂ ਦਾ ਇਹ ਮੰਚ ਉਹਨਾਂ ਲੋਕਾਂ ਲਈ ਇਕ ਪਵਿੱਤਰ ਜਗ੍ਹਾ ਹੈ ਜੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ| ਇਸ ਲਈ ਜੇਕਰ ਗਿੱਪੀ ਗਰੇਵਾਲ ਨੂੰ ਮੰਚ ਤੇ ਚੜ੍ਹਾਇਆ ਜਾਂਦਾ ਹੈ ਤਾਂ ਇਹ ਮਿਹਨਤਕਸ਼ ਲੋਕਾਂ ਦਾ ਅਪਮਾਨ ਕਰਨ ਤੁੱਲ ਹੋਵੇਗਾ ਅਤੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਲ਼ਾ ਵੀ ਸਾਬਤ            ਹੋਵੇਗਾ|
ਉਹਨਾਂ ਲਿਖਿਆ ਹੈ ਕਿ ਜੇਕਰ ਉਪਰੋਕਤ ਤੱਥਾਂ ਦੇ ਬਾਵਜੂਦ, ਮੰਚ ਸੰਚਾਲਕ ਗਿੱਪੀ ਗਰੇਵਾਲ ਨੂੰ ਮੰਚ ਉਪਰ ਚੜ੍ਹਨ ਦੀ ਇਜਾਜ਼ਤ ਦਿੰਦੇ ਹਨ ਤਾਂ ਬੀਤੇ ਸਾਲਾਂ ਦੌਰਾਨ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਵਿਗਾੜਨ ਬਦਲੇ ਉਸਨੂੰ ਮੰਚ ਤੋਂ ਹੀ ਮਾਫੀ ਮੰਗਣ ਲਈ ਕਿਹਾ ਜਾਵੇ|

Leave a Reply

Your email address will not be published. Required fields are marked *