ਗੁਜਰਾਤ ਦੀ ਮਾਰਕੀਟ ਵਿੱਚ ‘ਮੋਦੀ ਬਨਾਮ ਰਾਹੁਲ’ ਥੀਮ ਦੀਆਂ ਪਤੰਗਾਂ ਆਈਆਂ

ਨਵੀਂ ਦਿੱਲੀ, 9 ਜਨਵਰੀ (ਸ.ਬ.) ਸਿਆਸੀ ਮੈਦਾਨ ਵਿੱਚ ਚੁਣਾਵੀ ਜੰਗ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਆਸਮਾਨ ਵਿੱਚ ਪੇਚੇ ਪੈਣਗੇ| ਜੀ ਹਾਂ, ਤੁਸੀਂ ਠੀਕ ਸਮਝਿਆ ਪਤੰਗਾਂ ਰਾਹੀਂ ਇਹ ਪੇਚੇ ਪੈਣਗੇ| ਮਕਰ ਸੰਕ੍ਰਾਂਤੀ ਦੇ ਤਿਉਹਾਰ ਦੇ ਮੱਦੇਨਜ਼ਰ ਗੁਜਰਾਤ ਮਾਰਕੀਟ ਵਿੱਚ ‘ਮੋਦੀ ਬਨਾਮ ਰਾਹੁਲ’ ਥੀਮ ਦੀਆਂ ਪਤੰਗਾਂ ਸੱਜ ਗਈਆਂ ਹਨ| ਗੁਜਰਾਤ ਦੇ ਰਾਜਕੋਟ ਦੀ ਮਸ਼ਹੂਰ ਮਾਰਕੀਟ ਵਿੱਚ ਪਤੰਗਾਂ ਵਿਕਣੀਆਂ ਸ਼ੁਰੂ ਹੋ ਗਈਆਂ ਹਨ| ਇਸ ਵਿਚ ਸਭ ਤੋਂ ਜ਼ਿਆਦਾ ਡਿਮਾਂਡ ਪੀ. ਐਮ. ਮੋਦੀ ਅਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੀ ਹੈ| ਚੁਣਾਵੀ ਜੰਗ ਤੋਂ ਬਾਅਦ ਇੱਥੇ ਆਸਮਾਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਭਿੜਨਗੇ|
ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ‘ਮੋਦੀ ਬਨਾਮ ਰਾਹੁਲ’ ਪਤੰਗਾਂ ਮਾਰਕੀਟ ਵਿਚ ਆਈਆਂ ਸਨ| ਮੋਦੀ ਅਤੇ ਰਾਹੁਲ ਗਾਂਧੀ ਦੀ ਤਸਵੀਰ ਵਾਲੀ ਪਤੰਗ ਪਹਿਲੀ ਵਾਰ 2018 ਵਿਚ ਆਈਆਂ ਸਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਵਿਕਰੀ ਹੋਈ ਸੀ| ਲੋਕ ਸਭਾ ਚੋਣਾਂ ਵੀ 2019 ਵਿਚ ਹੋਣੀਆਂ ਹਨ, ਇਸ ਵਜ੍ਹਾ ਕਰ ਕੇ ਵੀ ਇਸ ਥੀਮ ਵਾਲੀ ਪਤੰਗ ਦੀ ਡਿਮਾਂਡ ਜ਼ਿਆਦਾ ਹੈ| ਇਸ ਵਾਰ ਗੁਜਰਾਤ ਵਿਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਵਾਲੀ ਪਤੰਗ ਵੀ ਮਾਰਕੀਟ ਵਿਚ ਹੈ|
182 ਮੀਟਰ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਇਸ ਵਿਸ਼ਾਲ ਮੂਰਤੀ ਦੀ ਥੀਮ ਤੇ ਬਣੀ ਪਤੰਗ ਵਿਚ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਨਜ਼ਰ ਆ ਰਹੇ ਹਨ| ਇਸ ਪਤੰਗ ਨੂੰ ਖਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਸਟੈਚੂ ਆਫ ਯੂਨਿਟੀ ਆਸਮਾਨ ਨੂੰ ਛੂਹ ਰਹੀ ਹੈ, ਉਂਝ ਹੀ ਉਨ੍ਹਾਂ ਦੀਆਂ ਪਤੰਗਾਂ ਵੀ ਆਸਮਾਨ ਨੂੰ ਛੂਹਣਗੀਆਂ| ਇਸ ਤੋਂ ਇਲਾਵਾ ਫਿਲਮ ‘ਬਾਹੂਬਲੀ’ ਦੀ ਥੀਮ ਵਾਲੀਆਂ ਪਤੰਗਾਂ ਵੀ ਬਣਾਈਆਂ ਗਈਆਂ ਹਨ|

Leave a Reply

Your email address will not be published. Required fields are marked *