ਗੁਜਰਾਤ ਦੇ ਸਰਹੱਦੀ ਖੇਤਰ ਵਿਚਲੇ ਮੰਦਿਰ ਵਿੱਚ ਮੋਦੀ ਨੇ ਕੀਤੀ ਪੂਜਾ

ਭੁਜ, 27 ਨਵੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਵਿੱਚ ਚੋਣ ਪ੍ਰਚਾਰ ਤੋਂ ਪਹਿਲਾਂ ਪਾਕਿਸਤਾਨ ਸਰਹੱਦ ਨੇੜੇ ਸਥਿਤ ਪ੍ਰਸਿੱਧ ਤੀਰਥ ਸਥਾਨ ਮਾਤਾਨਾਮਢ ਵਿੱਚ ਮਾਂ ਆਸ਼ਾਪੁਰਾ ਦੇ ਪ੍ਰਾਚੀਨ ਮੰਦਰ ਵਿੱਚ ਪੂਜਾ ਅਤੇ ਆਰਤੀ ਕੀਤੀ| ਇਸ ਮੰਦਰ ਵਿੱਚ ਆਉਣ ਵਾਲੇ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ| ਇਸ ਤੋਂ ਪਹਿਲਾਂ 80 ਦੇ ਦਹਾਕੇ ਵਿੱਚ ਮੰਦਰ ਦੇ ਨੇੜਲੇ ਖੇਤਰ ਵਿੱਚ ਪ੍ਰੋਗਰਾਮ ਵਿੱਚ ਆਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਇੱਥੇ ਆਉਣ ਦਾ ਰਸਮੀ ਪ੍ਰੋਗਰਾਮ ਅਮਲੀ ਜਾਮਾ ਨਹੀਂ ਪਹਿਨ ਸਕਿਆ ਸੀ| ਗੁਜਰਾਤ ਦੇ ਚੋਣਾਵੀ ਦੌਰੇ ਤੇ ਆਏ ਸ਼੍ਰੀ ਮੋਦੀ ਨੇ ਕੱਛ ਜ਼ਿਲੇ ਦੇ ਭੁਜ ਤੋਂ ਕਰੀਬ 80 ਕਿਲੋਮੀਟਰ ਦੂਰ ਲਖਪਤ ਤਾਲੁਕਾ ਵਿੱਚ ਸਥਿਤ ਇਸ ਮਸ਼ਹੂਰ ਮੰਦਰ, ਜਿੱਥੇ ਨੌਰਾਤੇ ਦੌਰਾਨ ਲੱਖਾਂ ਸ਼ਰਧਾਲੂ ਕਈ ਕਿਲੋਮੀਟਰ ਪੈਦਲ ਤੁਰ ਕੇ ਪੁੱਜੇ ਹਨ ਵਿੱਚ ਕਰੀਬ 20 ਮਿੰਟ ਦਾ ਸਮਾਂ ਬਿਤਾਇਆ| ਉਨ੍ਹਾਂ ਨੇ ਮੰਦਰ ਵਿੱਚ ਆਮ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਔਰਤਾਂ ਅਤੇ ਬੱਚਿਆਂ ਦੀ ਭੀੜ ਨਾਲ ਕੁਝ ਸਮੇਂ ਤੱਕ ਘਿਰੇ ਰਹੇ ਅਤੇ ਉਨ੍ਹਾਂ ਦਾ ਸਵਾਗਤ ਸਵੀਕਾਰ ਕਰਦੇ ਹੋਏ ਉਨ੍ਹਾਂ ਨਾਲ ਹੱਥ ਵੀ ਮਿਲਾਉਂਦੇ ਰਹੇ| ਬਾਅਦ ਵਿੱਚ ਉਨ੍ਹਾਂ ਦੀ ਅਪੀਲ ਤੇ ਔਰਤਾਂ ਨੇ ਲਾਈਨ ਬਣਾ ਲਈ ਅਤੇ ਲੋਕ ਇਕ-ਇਕ ਕਰ ਕੇ ਉਨ੍ਹਾਂ ਨੂੰ ਮਿਲੇ| ਉਨ੍ਹਾਂ ਨੇ ਮੰਦਰ ਵਿੱਚ ਪੂਜਾ ਤੋਂ ਬਾਅਦ ਲਾਈਨ ਵਿੱਚ ਲੱਗੇ ਆਮ ਲੋਕਾਂ ਨਾਲ ਵੀ ਹੱਥ ਮਿਲਾਇਆ| ਅਚਾਨਕ ਪ੍ਰਧਾਨ ਮੰਤਰੀ ਨੂੰ ਸਾਹਮਣੇ ਦੇਖ ਲੋਕਾਂ ਨੇ ਹੈਰਾਨੀਜਨਕ ਖੁਸ਼ੀ ਜ਼ਾਹਰ ਕੀਤੀ|
ਸਫੇਦ ਕੁੜਤੇ-ਪਜ਼ਾਮੇ ਅਤੇ ਸੁਨਹਿਰੇ ਰੰਗ ਦੀ ਸਦਰੀ ਪਾਏ ਸ਼੍ਰੀ ਮੋਦੀ ਨਲੀਆ ਹਵਾਈ ਅੱਡੇ ਤੇ ਪੁੱਜਣ ਤੋਂ ਬਾਅਦ ਇੱਥੇ ਆਏ| ਇਸ ਮੰਦਰ ਵਿੱਚ ਦਰਸ਼ਨ ਕਰਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਹਨ| ਮੰਦਰ ਦਾ ਸੰਚਾਲਨ ਕਰਨ ਵਾਲੇ ਮਾਤਾਨਾਮਢ ਜਾਗੀਰ ਟਰੱਸਟ ਦੇ ਪ੍ਰਤੀਨਿਧੀ ਖੇਗਰਜੀ ਜਾਡੇਜਾ ਨੇ ਦੱਸਿਆ ਕਿ ਸ਼੍ਰੀ ਮੋਦੀ ਨੇ ਟਰੱਸਟੀਆਂ ਨਾਲ ਕਈ ਗੱਲਾਂ ਕੀਤੀਆਂ ਅਤੇ ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਕੁਝ ਉਪਾਅ ਵੀ ਸੁਝਾਏ| ਉਹ ਮੰਦਰ ਦੇ ਮੁੱਖ ਮਹੰਤ ਯਾਨੀ ਗਾਦਿਪਤੀ ਨੂੰ ਵੀ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ| ਮੁੱਖ ਪੁਜਾਰੀ ਨੇ ਪੂਜਾ ਅਤੇ ਆਰਤੀ ਤੋਂ ਬਾਅਦ ਉਨ੍ਹਾਂ ਨੂੰ ਪ੍ਰਸਾਦ ਦੇ ਤੌਰ ਤੇ ਮਾਤਾ ਦੀ ਚੁਨਰੀ ਉਨ੍ਹਾਂ ਨੂੰ ਦਿੱਤੀ, ਜਿਸ ਨੂੰ ਸ਼੍ਰੀ ਮੋਦੀ ਨੇ ਆਪਣੇ ਗਲੇ ਵਿੱਚ ਲਪੇਟ ਲਿਆ| ਮਨੋਕਾਮਨਾਵਾਂ ਪੂਰਨ ਕਰਨ ਵਾਲੀ ਦੇਵੀ ਮੰਨੀ ਜਾਣ ਵਾਲੀ ਮਾਂ ਆਸ਼ਾਪੁਰਾ ਦੇ ਇਸ ਮੰਦਰ ਵਿੱਚ ਪੂਜਾ ਤੋਂ ਬਾਅਦ ਸ਼੍ਰੀ ਮੋਦੀ ਅੱਜ ਗੁਜਰਾਤ ਦੇ ਭੁਜ, ਜਸਦਨ, ਧਾਰੀ ਅਤੇ ਕਾਕੋਦਰਾ ਵਿੱਚ 4 ਚੋਣਾਵੀ ਸਭਾਵਾਂ ਕਰਨਗੇ ਅਤੇ ਅੱਜ ਹੀ ਸ਼ਾਮ ਵਾਪਸ ਦਿੱਲੀ ਆ ਜਾਣਗੇ|

Leave a Reply

Your email address will not be published. Required fields are marked *