ਗੁਜਰਾਤ ਵਿੱਚ ਪਟੇਲ ਭਾਈਚਾਰੇ ਨੂੰ ਮਨਾਉਣ ਵਿੱਚ ਨਾਕਾਮ ਦਿਖ ਰਹੀ ਹੈ ਭਾਜਪਾ

ਐਸ ਏ ਐਸ ਨਗਰ, 10 ਨਵੰਬਰ (ਭਗਵੰਤ ਸਿੰਘ ਬੇਦੀ) ਰਾਜਨੀਤੀ ਕੀ ਕੀ ਨਹੀਂ ਕਰਵਾਉਂਦੀ, ਗੁਜਰਾਤ ਸਰਕਾਰ ਵੱਲੋਂ ਪਿਛਲੇ ਸਾਲ ਦੇਸ਼ ਧਰੋਹੀ ਗਰਦਾਨੇ ਗਏ ਹਾਰਦਿਕ ਪਟੇਲ ਹੁਣ ਦੇਸ਼ ਧਰੋਹੀ ਨਹੀਂ ਰਹੇ| ਅਜਿਹਾ ਕਿਸੇ ਮਾਨਯੋਗ ਅਦਾਲਤ ਦੇ ਵਿੱਚ ਚੱਲੇ ਕੇਸ ਕਾਰਨ ਨਹੀਂ ਹੋਇਆ ਬਲਕਿ ਦੇਸ਼ ਧਰੋਹ ਦਾ ਮੁਕਦਮਾ ਚਲਣ ਤੋਂ ਪਹਿਲਾਂ ਹੀ ਗੁਜਰਾਤ ਸਰਕਾਰ ਨੇ ਹਾਰਦਿਕ ਪਟੇਲ ਅਤੇ ਉਸਦੇ ਕਈ ਸਾਥੀਆਂ ਤੋਂ ਦੇਸ਼ ਧਰੋਹ ਦੇ ਇਲਜਾਮ ਵਾਪਸ ਲੈ ਲਏ ਹਨ| ਰਾਖਵਾਂਕਰਨ ਅੰਦੋਲਨ ਸਮੇਂ ਜਿੰਨੇ ਵੀ ਪਟੇਲਾਂ ਤੇ  ਕੇਸ ਬਣੇ ਸਨ ਸਰਕਾਰ ਨੇ ਉਹ ਵਾਪਸ ਲੈ ਲਏ ਹਨ| ਗੁਜਰਾਤ ਸਰਕਾਰ ਨੇ ਇਹ ਕਦਮ ਹਾਰਦਿਕ ਪਟੇਲ ਦੀ ਵੱਧ ਰਹੀ ਲੋਕਪ੍ਰਿਅਤਾ ਅਤੇ ਆਉਂਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਹੀ ਚੁੱਕਿਆ ਹੈ|  ਗੁਜਰਾਤ ਵਿੱਚ ਪਟੇਲ ਰਾਖਵਾਂਕਰਨ ਅੰਦੋਲਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀਆਂ ਹਦਾਇਤਾਂ ਤੇ ਹੀ ਕੁਚਲਿਆ ਗਿਆ ਸੀ| ਹੁਣ ਆਉਂਦੀਆਂ ਵਿਧਾਨ ਸਭਾ ਚੋਣਾਂ ਇਹਨਾਂ ਦੋਹਾਂ ਨੇਤਾਵਾਂ ਦੀ ਇਜਤ ਦਾ ਸਵਾਲ ਬਣ ਗਿਆ ਹੈ|
ਪਿਛਲੇ 22 ਸਾਲਾਂ ਤੋਂ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਹਰ ਵਾਰ ਹੀ ਪਟੇਲ ਭਾਈਚਾਰੇ ਵੱਲੋਂ ਭਾਜਪਾ ਤੇ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ| ਪਟੇਲ ਰਾਖਵਾਂਕਰਨ ਅੰਦੋਲਨ ਤੋਂ ਬਾਅਦ ਭਾਜਪਾ ਅਤੇ ਪਟੇਲਾਂ ਵਿੱਚ ਦੂਰੀਆਂ ਕਾਫੀ ਵੱਧ ਗਈਆਂ ਹਨ| ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ ਵਾਰ ਵਾਰ ਗੁਜਰਾਤ ਦੇ ਦੌਰੇ ਵੀ ਪਟੇਲ ਭਾਈ ਚਾਰੇ ਨੂੰ ਮਨਾਉਣ ਵਿੱਚ ਕਾਮਯਾਬ ਨਹੀਂ ਹੋ ਰਹੇ| ਹੁਣ ਭਾਜਪਾ ਕੋਲ ਹਾਰਦਿਕ ਪਟੇਲ ਨੂੰ ਕਾਂਗਰਸ ਦਾ ਏਜੰਟ ਦੱਸਿਆ ਜਾ ਰਿਹਾ ਪਰ ਇਸ ਸਾਰੇ ਪ੍ਰਚਾਰ ਦੇ ਬਾਵਜੂਦ  ਭਾਜਪਾ ਹਾਰਦਿਕ ਦੇ ਆਧਾਰ ਨੂੰ ਘੱਟ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ| ਹਾਰਦਿਕ ਪਟੇਲ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸ੍ਰ. ਵਲਭ ਭਾਈ ਪਟੇਲ ਦੇ ਪੋਤਰੇ ਹਨ ਅਤੇ ਅਜੇ ਉਹਨਾਂ ਦੀ ਉਮਰ ਚੋਣਾਂ ਲੜਨ ਦੇ ਯੋਗ ਵੀ ਨਹੀਂ ਹੋਈ| ਇੰਨੀ ਛੋਟੀ ਉਮਰ ਦੇ ਨੌਜਵਾਨ ਆਗੂ ਵੱਲੋਂ ਮਿਲੀ ਚੁਣੌਤੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਲਈ ਸਿਰਦਰਦੀ ਬਣੀ ਹੋਈ ਹੈ|
ਹਾਰਦਿਕ ਪਟੇਲ ਅਤੇ ਉਸਦੇ ਸਾਥੀਆਂ ਤੇ ਲੱਗੇ ਗੰਭੀਰ ਦੋਸ਼ ਅਤੇ ਉਹਨਾਂ ਦੋਸ਼ਾਂ ਨੂੰ ਵਾਪਸ ਲੈਣਾ ਕੋਰਾ ਰਾਜਨੀਤਿਕ ਫੈਸਲਾ ਹੈ| ਰਾਜਨੀਤੀ ਦੇ ਕਾਰਨ ਹੀ ਹਾਰਦਿਕ ਪਟੇਲ ਨੂੰ ਦੇਸ਼ ਧ੍ਰੋਹੀ ਬਣਾਉਣਾ ਅਤੇ ਰਾਜਨੀਤਿਕ ਕਾਰਨਾਂ ਕਰਕੇ ਇਹ ਦੋਸ਼ ਵਾਪਸ ਲੈਣੇ ਕਈ ਸਵਾਲ ਖੜ੍ਹੇ ਕਰਦਾ ਹੈ| ਰਾਜਨੀਤਿਕ ਕਾਰਨਾਂ ਕਰਕੇ ਹਰ ਹੱਥਕੰਡਾ ਵਰਤਨਾ ਦੇਸ਼ ਦੀ ਜਮਹੂਰੀਅਤ ਲਈ ਘਾਤਕ ਹੈ| ਅਜਿਹੇ ਮਾਮਲਿਆਂ ਪ੍ਰਤੀ ਮਾਨਯੋਗ ਅਦਾਲਤ ਨੂੰ ਦਖਲ ਦੇਣਾ ਚਾਹੀਦਾ ਹੈ ਨਾ ਕਿ ਰਾਜਨੀਤਿਕ ਲਾਭ ਨੁਕਸਾਨ ਲਈ ਅਜਿਹੇ ਹੱਥਕੰਡੇ ਨਾ ਵਰਤੇ ਜਾ ਸਕਣ| ਜੇਕਰ ਰਾਜਨੀਤਿਕ ਤਾਕਤ ਦਾ ਸਿਆਸੀ ਲਾਭ ਲਈ ਖੁਲੇਆਮ ਇਸ ਤਰ੍ਹਾਂ ਦੇ ਕੇਸ ਲਈ ਵਰਤਣੀ ਬੰਦ ਨਾ ਹੋਈ ਤਾਂ ਭਾਰਤ ਦੇ ਲੋਕ ਤੰਤਰ ਲਈ ਕਈ ਚੁਣੌਤੀਆਂ ਖੜ੍ਹੀਆਂ ਹੋ ਜਾਣਗੀਆਂ|

Leave a Reply

Your email address will not be published. Required fields are marked *