ਗੁਣ ਦੋਸ਼ ਦੇ ਆਧਾਰ ਤੇ ਆਪਣੇ ਨੁਮਾਇੰਦੇ ਦੀ ਚੋਣ ਕਰਨ ਵੋਟਰ

4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਦੀਆਂ  ਚੋਣਾਂ ਲੜਣ ਲਈ ਮੈਦਾਨ ਵਿੱਚ ਉਤਰੇ ਲਗਭਗ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਵੋਟਰਾਂ ਨੂੰ ਲੁਭਾਉਣ ਲਈ ਨਾ ਸਿਰਫ ਲੰਮੇਂ ਚੌੜੇ ਦਾਅਵੇ ਅਤੇ ਵਾਇਦੇ ਕੀਤੇ ਜਾ ਰਹੇ ਹਨ ਬਲਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ| ਹੋਰ ਤਾਂ ਹੋਰ ਇਸ ਹੋੜ ਵਿੱਚ ਜੁਟੇ ਜਿਆਦਾਤਰ ਉਮੀਦਵਾਰ ਅਜਿਹੇ ਕਈ ਵਾਇਦੇ ਵੀ ਕਰ ਰਹੇ ਹਨ ਜਿਹਨਾਂ ਨੂੰ ਪੂਰਾ ਕਰਨਾ ਸ਼ਾਇਦ ਹੀ ਸੰਭਵ ਹੋਵੇ ਪਰੰਤੂ ਉਮੀਦਵਾਰ ਹਨ ਕਿ ਇੱਕ ਤੋਂ ਬਾਅਦ ਇੱਕ ਵਾਇਦੇ ਕਰਕੇ ਜਨਤਾ ਨੂੰ ਭਰਮਾਉਣ ਦੇ ਯਤਨ ਵਿੱਚ ਜੁਟੇ ਨਜਰ ਆ ਰਹੇ ਹਨ|
ਹਰ ਵਾਰ ਹੀ ਚੋਣਾਂ ਮੌਕੇ ਵੋਟਰਾਂ ਸਾਮ੍ਹਣੇ ਇਹ ਉਲਝਣ ਆਣ ਖੜ੍ਹੀ ਹੁੰਦੀ ਹੈ ਕਿ ਉਹ ਕਿਸ ਉਮੀਦਵਾਰ ਨੂੰ ਆਪਣੀ ਵੋਟ ਪਾਉਣ| ਅਜਿਹੀ ਹਾਲਤ ਵਿੱਚ ਵੋਟਰ ਲਈ ਸਹੀ ਉਮੀਦਵਾਰ ਦੀ ਚੋਣ ਕਰਨੀ ਔਖੀ ਹੋ ਜਾਂਦੀ ਹੈ ਪ੍ਰੰਤੂ ਕਿਸੇ ਨਾ ਕਿਸੇ ਉਮੀਦਵਾਰ ਨੂੰ ਤਾਂ ਵੋਟਰਾਂ ਨੇ ਵੋਟ ਪਾਉਣੀ ਹੀ ਹੁੰਦੀ ਹੈ| ਹਰ ਵਾਰ ਚੋਣਾਂ ਵੇਲੇ ਅਜਿਹਾ ਹੀ ਹੁੰਦਾ ਹੈ ਕਿ ਵੋਟਰ ਉਮੀਦਵਾਰਾਂ ਦੇ ਲਾਰਿਆਂ ਵਿੱਚ ਫਸ ਕੇ ਆਪਣੀਆਂ ਵੋਟਾਂ ਪਾ ਦਿੰਦੇ ਹਨ| ਚੋਣਾਂ ਤੋਂ ਬਾਅਦ ਹਾਰਨ ਵਾਲੇ ਉਮੀਦਵਾਰ ਤਾਂ ਬਰਸਾਤੀ ਡੱਡੂਆਂ ਵਾਂਗ ਗਾਇਬ ਹੋ ਹੀ ਜਾਂਦੇ ਹਨ, ਚੋਣ ਜਿੱਤਣ ਵਾਲੇ ਉਮੀਦਵਾਰ ਦੀ ਸ਼ਕਲ ਵਿਖਣੀ ਵੀ ਬੰਦ ਹੋ ਜਾਂਦੀ ਹੈ ਅਤੇ ਇੱਕ ਦਿਨ ਪਹਿਲਾਂ ਤਕ ਲੋਕਾਂ ਦੇ ਦਰਵਾਜੇ ਤੇ ਪਹੁੰਚ ਕੇ ਵੋਟਾਂ ਮੰਗਣ ਵਾਲੇ ਜੇਤੂ ਉਮੀਦਵਾਰਾਂ ਨੂੰ ਮਿਲਣ ਲਈ ਵੋਟਰਾਂ ਨੂੰ ਉਹਨਾਂ ਦੇ ਘਰਾਂ ਦੇ ਬਾਹਰ ਲਾਈਨਾਂ ਵਿੱਚ ਲਗਣ ਲਈ ਮਜਬੂਰ ਹੋਣਾ ਪੈਂਦਾ ਹੈ| ਸਾਡੇ ਸੂਬੇ ਵਿੱਚ ਵਾਰੀ ਬਦਲ ਕੇ ਸੱਤਾ ਤੇ ਕਾਬਿਜ ਹੋਣ ਵਾਲੀਆਂ ਸਿਆਸੀ ਪਾਰਟੀਆਂ ਵਲੋਂ ਆਮ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੇ ਸਬਜਬਾਗ ਵਿਖਾ ਕੇ ਸੱਤਾ ਤਾਂ ਹਾਸਿਲ ਕਰ ਲਈ ਜਾਂਦੀ ਹੈ ਪਰੰਤੂ ਜਿੱਥੋਂ ਤੱਕ ਆਮ ਲੋਕਾਂ ਦਾ ਸਵਾਲ ਹੈ ਤਾਂ ਉਨ੍ਹਾਂ ਨੂੰ ਸੂਬੇ ਦੀ ਸਰਕਾਰ ਵਿੱਚ ਆਉਣ ਵਾਲੀ ਤਬਦੀਲੀ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਨ੍ਹਾਂ ਦੇ ਮਸਲੇ ਪਹਿਲਾਂ ਵਾਂਗ ਹੀ ਲਮਕਦੇ ਰਹਿੰਦੇ ਹਨ|
4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਜਿੱਥੇ ਸੂਬੇ ਦੀ ਸੱਤਾਧਾਰੀ ਪਾਰਟੀ ਅਕਾਲੀ ਭਾਜਪਾ ਗਠਜੋੜ ਵਲੋਂ ਜਿੱਥੇ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉੱਥੇ ਕਾਂਗਰਸ ਪਾਰਟੀ ਵਲੋਂ ਮੌਜੂਦਾ ਸਰਕਾਰ ਦੀ ਢਿੱਲੀ ਕਾਰਗੁਜਾਰੀ ਦੇ ਨਾਲ ਨਾਲ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ| ਪਿਛਲੇ ਸਮੇਂ ਦੌਰਾਨ ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਪਕੜ ਕਾਇਮ ਕਰਨ ਵਾਲੀ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਪਾਰਟੀਆਂ ਦੀਆਂ ਕਮੀਆਂ ਕੱਢ ਕੇ ਅਤੇ ਬਦਲਾਅ ਲਿਆਉਣ ਦਾ ਨਾਹਰਾ ਦੇ ਕੇ ਵੋਟਾਂ ਮੰਗ ਰਹੀ ਹੈ| ਚੋਣ ਲੜਣ ਵਾਲੇ ਉਮੀਦਵਾਰ ਇਹਨਾਂ ਤੋਂ ਇਲਾਵਾ ਸਥਾਨਕ ਪੱਧਰ ਦੇ ਮੁੱਦੇ ਵੀ ਉਠਾ ਰਹੇ ਹਨ ਅਤੇ ਚੋਣ ਜਿੱਤਣ ਤੋਂ ਬਾਅਦ ਉਹਨਾਂ ਮੁੱਦਿਆਂ ਨੂੰ ਹਲ ਕਰਨ ਦਾ ਭਰੋਸਾ ਵੀ ਦੇ ਰਹੇ ਹਨ|
ਅੱਜ ਦਾ ਵੋਟਰ ਹੁਣ ਕਾਫੀ ਸਿਆਣਾ ਹੋ ਗਿਆ ਹੈ ਅਤੇ ਉਸਨੂੰ ਭਰਮਾਉਣਾ ਹੁਣ ਇੰਨਾ ਆਸਾਨ ਨਹੀਂ ਰਿਹਾ|  ਆਮ ਵੋਟਰ ਸੋਚਦਾ ਹੈ ਕਿ ਵੋਟ ਜਿਸ ਨੂੰ ਮਰਜੀ ਪਾ ਦਿਓ, ਉਸਦਾ ਕੰਮ ਤਾਂ ਕਿਸੇ ਨੇ ਵੀ ਨਹੀਂ ਕਰਨਾ ਅਤੇ ਇਹ ਸਾਰੇ ਹੀ ਉਮੀਦਵਾਰ ਬਾਅਦ ਇੱਕੋ ਵਰਗੇ ਹਨ| ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਉਮੀਦਵਾਰਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਵੋਟਾਂ ਮੰਗਣ ਆਉਣ ਵਾਲੇ ਉਮੀਦਵਾਰਾਂ ਤੋਂ ਉਹਨਾਂ ਦੀ ਹੁਣ ਤਕ ਦੀ ਕਾਰਗੁਜਾਰੀ ਦਾ ਹਿਸਾਬ ਮੰਗਣ| ਵੋਟਰਾਂ ਦੀ ਇਹ ਆਮ ਸ਼ਿਕਾਇਤ ਹੈ ਕਿ ਚੋਣਾ ਤੋਂ ਪਹਿਲਾਂ ਵੋਟਰਾਂ ਦੀ ਹਰ ਗੱਲ ਮੰਨਣ ਲਈ ਤਿਆਰ ਦਿਖਣ ਵਾਲੇ ਉਮੀਦਵਾਰ ਬਾਅਦ ਵਿੱਚ ਉਹਨਾਂ ਦੀ ਸਾਰ ਤਕ ਨਹੀਂ ਲੈਂਦੇ| ਇਸ ਕਾਰਨ ਵੋਟਰਾਂ ਵਿੱਚ ਵੋਟਾਂ ਪਾਉਣ ਸੰਬੰਧੀ ਅਕਸਰ ਨਿਰਾਸ਼ਾ ਹੀ ਪਾਈ ਜਾਂਦੀ ਹੈ|
ਇਸ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਪਾਰਟੀ                 ਵਿਸ਼ੇਸ਼ ਦੀ ਥਾਂ ਗੁਣ-ਦੋਸ਼ ਦੇ ਆਧਾਰ ਤੇ ਸਹੀ ਉਮੀਦਵਾਰ ਦੀ ਚੋਣ ਕਰਨ ਅਤੇ ਆਪਣੇ ਉਮੀਦਵਾਰ ਦੀ ਹੁਣ ਤਕ ਦੀ ਕਾਰਗੁਜਾਰੀ ਅਨੁਸਾਰ ਵੋਟ ਪਾਉਣ| ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਚੋਣ ਲੜ ਰਹੇ ਉਮੀਦਵਾਰਾਂ ਦੀ ਸ਼ਖਸ਼ੀਅਤ ਅਤੇ ਕਾਬਲੀਅਤ ਦੇ ਆਧਾਰ ਤੇ ਆਪਣੇ ਨੁਮਾਇੰਦੇ ਦੀ ਚੋਣ ਕਰਨ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਜਿਸ ਉਮੀਦਵਾਰ ਨੂੰ ਉਹ ਵੋਟ ਪਾਉਣ ਜਾ ਰਹੇ ਹਨ, ਉਸ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਨਾ              ਹੋਵੇ| ਜੇਕਰ ਵੋਟਰ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਖੇਤਰ ਦਾ ਬਿਹਤਰ ਵਿਕਾਸ ਹੋਵੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਹਲ ਹੋਣ ਤਾਂ ਇਸ ਲਈ ਸਹੀ ਉਮੀਦਵਾਰ ਦੀ ਚੋਣ ਤਾਂ ਉਹਨਾਂ ਨੂੰ ਖੁਦ ਹੀ ਕਰਨੀ ਪੈਣੀ ਹੈ|

Leave a Reply

Your email address will not be published. Required fields are marked *