ਗੁਰਦਾਸਪੁਰ ਜਿਮਣੀ ਚੋਣ : ਕਿਸਦੇ ਸਿਰ ਸਜੇਗਾ ਤਾਜ

ਗੁਰਦਾਸਪੁਰ ਜਿਮਣੀ ਚੋਣ : ਕਿਸਦੇ ਸਿਰ ਸਜੇਗਾ ਤਾਜ
ਹਲਕੇ ਵਿੱਚ ਕਾਂਗਰਸੀ ਉਮੀਦਵਾਰ ਦੀ ਸਥਿਤੀ ਮਜਬੂਤ, ਭਾਜਪਾ ਉਮੀਦਵਾਰ ਲਈ ਸੀਟ ਬਚਾਉਣਾ ਔਖਾ
ਐਸ ਏ ਐਸ ਨਗਰ, 14 ਅਕਤੂਬਰ (ਸ.ਬ.) ਗੁਰਦਾਸਪੁਰ ਲੋਕ ਸਭਾ ਹਲਕੇ ਦੀ ਬੀਤੇ ਦਿਨੀਂ ਹੋਈ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਣ ਜਾਂ ਰਹੀ ਹੈ ਅਤੇ ਇਸ ਦੌਰਾਨ ਹਲਕੇ ਵਿੱਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਸ ਵਾਰ ਕਾਂਗਰਸ ਦੀ ਸਥਿਤੀ ਮਜਬੂਤ ਨਜਰ ਆ ਰਹੀ ਹੈ| ਉੱਥੇ ਆਮ ਆਦਮੀ ਪਾਰਟੀ ਦੀ ਹਾਲਤ ਕਾਫੀ ਕਮਜੋਰ ਨਜਰ ਆ ਰਹੀ ਹੈ| ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਸਵਰਨ ਸਲਾਰੀਆਂ ਦੀ ਮੁੰਬਈ ਦੀ ਇੱਕ ਮਹਿਲਾ ਨਾਲ ਇਤਰਾਜ ਯੋਗ ਹਾਲਤ ਵਾਲੀਆਂ ਤਸਵੀਰਾਂ ਦੇ ਜਾਰੀ ਹੋਣ ਅਤੇ ਹਲਕੇ ਨਾਲ ਸੰਬੰਧਿਤ ਅਕਾਲੀ ਦਲ ਦੇ  ਦਾਅਵੇਦਾਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਦੇ ਮਾਮਲੇ ਆਉਣ ਤੋਂ ਬਾਅਦ ਜਿੱਥੇ ਭਾਜਪਾ ਉਮੀਦਵਾਰ ਦੀ ਨਿੱਜੀ ਸ਼ਖਸ਼ੀਅਤ ਤੇ ਵੱਡਾ ਦਾਗ ਲੱਗਿਆ ਹੈ| ਉੱਥੇ ਇਸ ਕਾਰਣ ਅਕਾਲੀ ਦਲ ਦੇ ਸਮਰਥਕ ਵੋਟਰਾਂ ਵਿੱਚੋਂ ਵੱਡੀ ਗਿਣਤੀ ਵੋਟਰ ਇਸ ਵਾਰ ਵੋਟ ਪਾਉਣ ਲਈ ਘਰੋਂ ਬਾਹਰ ਹੀ ਨੀ ਨਿਕਲੇ|
ਗੁਰਦਾਸਪੁਰ ਹਲਕੇ ਵਿੱਚ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਲਗਭਗ 20 ਫੀਸਦੀ ਘੱਟ ਵੋਟਾਂ ਪਈਆਂ ਹਨ ਅਤੇ ਵੋਟਾਂ ਦੀ ਗਿਣਤੀ ਘੱਟ ਰਹਿਣ ਕਾਰਨ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਅਕਾਲੀ ਦਲ ਵੱਲੋਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਜਿਵੇਂ ਆਪਣੀ ਹਾਰ ਕਬੂਲ ਕਰ ਲਈ ਗਈ ਹੈ| ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਬਾਕਾਇਦਾ ਪੱਤਰਕਾਰ ਸੰਮੇਲਨ ਕਰਕੇ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਧਮਕਾਉਣ ਦੀ ਕਾਰਵਾਈ ਨੂੰ ਘੱਟ ਵੋਟਿੰਗ ਲਈ ਜਿੰਮੇਵਾਰ ਠਹਿਰਾਇਆ ਜਾ ਚੁੱਕਿਆ ਹੈ|
ਜੇਕਰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ  ਵਿੱਚ 9 ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ, ਕਾਦੀਆਂ, ਭੋਮਾ, ਗੁਰਦਾਸਪੁਰ, ਸੁਜਾਨਪੁਰ, ਦੀਨਾਨਗਰ ਅਤੇ ਪਠਾਨਕੋਟ ਆਉਂਦੇ ਹਨ| ਪਿਛਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਇਹਨਾਂ 9 ਵਿੱਚੋਂ 7 ਹਲਕਿਆਂ ਵਿੱਚ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਸੀ ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਨੂੰ (ਇੱਕ ਇੱਕ) ਬਟਾਲਾ ਅਤੇ ਪਠਾਨਕੋਟ ਹਲਕਿਆਂ ਵਿੱਚ ਹੀ ਜਿੱਤ ਹਾਸਿਲ ਹੋਈ ਸੀ| ਹਲਕੇ ਨਾਲ ਸੰਬੰਧਿਤ ਕਾਂਗਰਸ ਪਾਰਟੀ ਦੇ ਸੱਤ ਵਿਧਾਇਕਾਂ ਵਿੱਚੋਂ 2 ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ (ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਮਤੀ ਅਰੁਣਾ ਚੌਧਰੀ) ਹਨ ਅਤੇ ਉਹਨਾਂ ਵਲੋਂ ਪਿਛਲੇ ਸਮੇਂ ਦੌਰਾਨ ਆਪਣੇ ਹਲਕਿਆਂ ਵਿੱਚ ਆਧਾਰ ਕਾਫੀ ਮਜਬੂਤ ਕੀਤਾ ਗਿਆ ਹੈ ਜਿਸਦਾ ਫਾਇਦਾ ਕਾਂਗਰਸ ਨੂੰ ਮਿਲਿਆ ਹੈ|
ਕਾਂਗਰਸ ਪਾਰਟੀ ਦੇ ਹੱਕ ਵਿੱਚ ਇਹ ਗੱਲ ਵੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਦਾ ਗ੍ਰਾਫ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਗਿਆ ਹੈ ਅਤੇ ਇਸਦਾ ਸਿੱਧਾ ਫਾਇਦਾ ਕਾਂਗਰਸ ਨੂੰ ਮਿਲ ਰਿਹਾ ਹੈ| ਸੂਬੇ ਵਿੱਚ 6 ਮਹੀਨੇ ਪਹਿਲਾਂ ਸੱਤਾ ਤੇ ਕਾਬਿਜ ਹੋਈ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਵੇਖਣ ਲਈ ਹੁਣੇ ਲੋਕ ਇਸਨੂੰ ਹੋਰ ਸਮਾਂ ਦੇਣ ਲਈ ਤਿਆਰ ਹਨ ਅਤੇ ਇਸਦਾ ਫਾਇਦਾ ਵੀ ਕਾਂਗਰਸ ਨੂੰ ਮਿਲ ਰਿਹਾ ਹੈ| ਕਾਂਗਰਸ ਪਾਰਟੀ ਵਲੋਂ ਜਿਸ ਤਰੀਕੇ ਨਾਲ ਚੋਣ ਮੁਹਿੰਮ ਨੂੰ ਚਲਾਇਆ ਗਿਆ ਉਸਦੇ ਮੁਕਾਬਲੇ ਭਾਜਪਾ ਉਮੀਦਵਾਰ ਦੀ ਚੋਣ ਮੁਹਿੰਮ ਕਾਫੀ ਕਮਜੋਰ ਰਹੀ ਹੈ| ਭਾਜਪਾ ਉਮੀਦਵਾਰ ਤੇ ਇਕ ਪਹਿਲਾਂ ਦਾ ਸੈਕਸ ਸ਼ੋਸ਼ਣ ਕਰਨ ਸਬੰਧੀ ਲੱਗੇ ਦੋਸ਼ਾਂ ਨੇ ਉਸਦੀ ਛਵੀ ਨੂੰ ਤਾਂ ਖਰਾਬ ਕੀਤਾ ਹੀ ਇਸ ਕਾਰਨ ਪਾਰਟੀ ਦੀ ਕੇਂਦਰੀ ਅਗਵਾਈ ਨੇ ਵੀ ਇਸ ਵਾਰ ਪ੍ਰਚਾਰ ਮੁਹਿੰਮ ਤੋਂ ਦੂਰੀ ਰੱਖੀ ਜਿਸ ਕਾਰਨ ਗੁਰਦਾਸਪੁਰ ਦੀ ਇਹ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜਾਂਦੀ ਦਿੱਸ ਰਹੀ ਹੈ|
ਗੁਰਦਾਸਪੁਰ ਹਲਕੇ ਦੀ ਜਿਮਨੀ ਚੋਣ ਵਿੱਚ ਕਿਹੜਾ ਉਮੀਦਵਾਰ ਜੇਤੂ ਸਾਬਿਤ ਹੋਵੇਗਾ ਜਿਸਦਾ ਪਤਾ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਚੱਲਦਾ ਹੈ ਪਰੰਤੂ ਹਲਕੇ ਦੀ ਹਵਾ ਇਹ ਦੱਸ ਰਹੀ ਹੈ ਕਿ ਇਸ ਵਾਰ ਕਾਂਗਰਸ ਦੀ ਸਥਿਤੀ ਕਾਫੀ ਮਜਬੂਤ ਹੈ ਅਤੇ  ਵੇਖਣਾ ਇਹ ਹੈ ਕਿ ਇਸ ਚੋਣ ਦਾ ਨਤੀਜਾ ਕਿਸਦੇ ਹੱਕ ਵਿੱਚ ਆਉਂਦਾ ਹੈ|

Leave a Reply

Your email address will not be published. Required fields are marked *