ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਮੇਤ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ

ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਮੇਤ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ
ਪ੍ਰਧਾਨ ਜਤਿੰਦਰਪਾਲ ਸਿੰਘ ਨੇ ਪੁਲੀਸ ਤੇ ਸਿਆਸੀ ਦਬਾਓ ਹੇਠ ਝੂਠਾ ਮਾਮਲਾ ਦਰਜ ਕਰਨ ਦਾ ਇਲਜਾਮ ਲਗਾਇਆ
ਐਸ.ਏ.ਐਸ.ਨਗਰ, 29 ਮਈ (ਸ.ਬ.) ਬੀਤੀ 22 ਮਈ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਥਾਣਾ              ਫੇਜ਼ 1 ਦੀ ਪੁਲੀਸ ਵਲੋਂ ਫੇਜ਼ 2 ਦੇ ਵਸਨੀਕ ਕਾਂਗਰਸੀ ਆਗੂ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 5 ਹੋਰ ਅਣਪਛਾਤੇ ਬੰਦਿਆਂ ਖਿਲਾਫ ਧਾਰਾ 323, 341,506, 148 ਅਤੇ 149  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਪੁਲੀਸ ਵਲੋਂ ਉਹਨਾਂ ਦੇ ਖਿਲਾਫ ਸਿਆਸੀ ਦਬਾਉ ਹੇਠ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਕਿਹਾ ਕਿ 22 ਮਈ ਵਾਲੇ ਦਿਨ ਜਸਪਾਲ ਸਿੰਘ ਵਲੋਂ ਹੀ ਗੁਰਦੁਆਰਾ ਸਾਹਿਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਜਿਸਤੇ ਮੌਕੇ ਤੇ ਆਈ ਪੁਲੀਸ ਪਾਰਟੀ ਉਸਨੂੰ ਫੜ ਕੇ ਲੈ ਗਈ ਸੀ ਅਤੇ ਬਾਹਰ ਜਾ ਕੇ ਉਹ ਪੁਲੀਸ ਵਲਿਆਂ ਦੀ ਗੱਡੀ ਵਿੱਚੋਂ ਉਤਰ ਕੇ ਫਰਾਰ ਹੋ ਗਿਆ ਸੀ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਦੀ ਪਕੜ ਤੋਂ ਫਰਾਰ ਹੋਣ ਵਾਲੇ ਵਿਅਕਤੀ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਉਲਟਾ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ| ਇੱਥੇ ਇਹ ਜਿਕਰਯੋਗ ਹੈ ਕਿ 22 ਮਈ ਨੂੰ ਹੋਏ ਇਸੇ ਝਗੜੇ ਦੀ ਕਵਰੇਜ ਕਰਨ ਵਾਲੇ ਇੱਕ ਰੋਜਾਨਾ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿੱਚ ਆਈ ਪੁਲੀਸ ਪਾਰਟੀ ਵਲੋਂ ਜਬਰੀ ਚੁੱਕ ਕੇ ਥਾਣੇ ਲਿਜਾਇਆ ਗਿਆ ਸੀ ਜਿੱਥੇ ਮੇਜਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ|
ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਜਸਪਾਲ ਸਿੰਘ ਨੇ ਕਿਹਾ ਹੈ ਕਿ ਉਹ ਬੀਤੀ 22 ਮਈ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਮ੍ਰਿਤਕ ਦੇ ਭੋਗ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਅਤੇ ਸਵੇਰੇ ਲਗਭਗ 11:30 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਲੱਗੇ ਤਾਂ ਪ੍ਰਧਾਨ ਜਤਿੰਦਰਪਾਲ ਸਿੰਘ ਸਮੇਤ ਅਮਰਜੀਤ ਸਿੰਘ ਅਤੇ 5 ਅਣਪਛਾਤੇ ਬੰਦੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਭਾਈ ਤੇਜਿੰਦਰ ਸਿੰਘ ਦੇ ਜੱਥੇ ਨੂੰ ਕੀਰਤਨ ਕਰਨ ਤੋਂ ਰੋਕ ਰਹੇ ਸਨ ਅਤੇ ਉਹਨਾਂ ਦੀ ਖਿੱਚ ਧੂਹ ਕਰ ਰਹੇ ਸਨ| 
ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹਨਾਂ ਅਤੇ ਉੱਥੇ ਮੌਜੂਦ ਸੰਗਤ ਨੇ ਇਸਦਾ ਵਿਰੋਧ ਕੀਤਾ ਤਾਂ ਪ੍ਰਧਾਨ ਅਤੇ ਉਨ੍ਹਾਂ ਦੇ ਬੰਦਿਆਂ ਨੇ ਹੱਥੋਪਾਈ ਕਰਕੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ| ਇਸ ਦੌਰਾਨ ਰੌਲਾ ਪੈਣ ਕਾਰਨ ਉੱਥੇ ਪੁਲੀਸ ਆ ਗਈ ਅਤੇ ਪੁਲੀਸ ਸਾਰਿਆਂ ਨੂੰ ਦਫਤਰ ਲੈ ਗਈ ਜਿੱਥੇ ਗੱਲਬਾਤ ਦੌਰਾਨ ਪ੍ਰਧਾਨ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਇਸਨੂੰ ਚੁੱਕ ਕੇ ਲੈ ਜਾਓ ਅਤੇ ਸਬਕ ਸਿਖਾਓ| ਇਸਤੇ ਉਹ ਉੱਥੋਂ ਉੱਠ ਕੇ ਜਾਣ ਲੱਗੇ ਤਾਂ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 4-5 ਅਣਪਛਾਤੇ ਬੰਦਿਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ| ਉਹਨਾਂ ਨੂੰ ਥੱਪੜ ਅਤੇ ਮੁੱਕੇ ਵੀ ਮਾਰੇ ਅਤੇ ਖਿੱਚ ਧੂਹ ਕਰਕੇ ਉਨ੍ਹਾਂ ਨੂੰ ਜਾਨ ਮਾਰਨ ਦੀਆਂ ਧਮਕੀਆਂ ਦਿੱਤੀਆਂ|
ਦੂਜੇ ਪਾਸੇ ਇਸ ਸੰਬਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ.ਪੀ. ਦਾ ਕਹਿਣਾ ਹੈ ਕਿ ਇਹ ਸਭ ਕੁਝ ਝੂਠ ਹੈ ਅਤੇ ਪੁਲੀਸ ਵਲੋਂ ਸਿਆਸੀ ਦਬਾਓ ਅਤੇ ਸ਼ਾਜਿਸ਼ ਦੇ ਤਹਿਤ ਉਹਨਾਂ  ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਜਸਪਾਲ ਸਿੰਘ ਨਾਮ ਦਾ ਇਹ ਵਿਅਕਤੀ ਆਦਤਨ ਝਗੜਾਲੂ ਅਤੇ ਬੀਤੀ 1 ਮਈ ਨੂੰ ਵੀ ਇਸ ਵਿਅਕਤੀ ਵਲੋਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਉਹਨਾਂ ਨਾਲ ਗਾਲੀ ਗਲੌਚ ਕੀਤਾ ਗਿਆ ਸੀ ਜਿਸਦੀ ਉਹਨਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰੰਤੂ ਹੈਰਾਨੀ ਹੈ ਕਿ ਪੁਲੀਸ ਵਲੋਂ ਇਸ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨਾਲ ਜਾਹਿਰ ਹੁੰਦਾ ਹੈ ਕਿ ਇਸਦੇ ਪਿੱਛੇ ਕੋਈ ਵੱਡੀ ਸਾਜਿਸ਼ ਕੰਮ ਕਰ ਰਹੀ ਹੈ| 
ਉਹਨਾਂ ਕਿਹਾ ਕਿ 22 ਮਈ ਨੂੰ ਜਸਪਾਲ ਸਿੰਘ ਵਲੋਂ ਉਸ ਨਾਲ ਹੋਈ ਕੁੱਟਮਾਰ ਦੇ ਜਿਹੜੇ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਝੂਠ ਹਨ ਅਤੇ ਉਹ ਖੁਦ ਕਹਿ ਰਿਹਾ ਹੈ ਕਿ ਪੁਲੀਸ ਸਾਰਿਆਂ ਨੂੰ ਪ੍ਰਧਾਨ ਦੇ ਦਫਤਰ ਲੈ ਕੇ ਆਈ ਸੀ ਅਤੇ ਬਾਅਦ ਵਿੱਚ ਜਦੋਂ ਉਹ ਦਫਤਰ ਤੋਂ ਬਾਹਰ ਨਿਕਲਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ਜਦੋਂਕਿ ਉਸ ਦਿਨ ਜਸਪਾਲ ਸਿੰਘ ਵਲੋਂ ਕੀਤੇ ਜਾ ਰਹੇ ਝਗੜੇ ਕਾਰਨ ਪੁਲੀਸ ਵਲੋਂ ਉਸਨੂੰ ਕਾਬੂ ਕੀਤਾ ਗਿਆ ਸੀ| ਪੁਲੀਸ ਹੀ ਉਸਨੂੰ ਗੁਰਦੁਆਰਾ ਸਾਹਿਬ ਦੇ ਦਫਤਰ ਵਿੱਚ ਲਿਆਈ ਸੀ ਅਤੇ ਪੁਲੀਸ ਹੀ ਉਸਨੂੰ ਨਾਲ ਲੈ ਕੇ ਗਈ ਸੀ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਵਾਇਰਲ ਹੋ ਚੁੱਕੀ ਹੈ|
ਉਹਨਾਂ ਕਿਹਾ ਕਿ ਜਸਪਾਲ ਸਿੰਘ ਵਲੋਂ ਆਪਣੇ ਸਾਥੀਆਂ ਦੇ ਨਾਲ ਰੋਜਾਨਾ ਗੁਰਦੁਆਰਾ ਸਾਹਿਬ ਵਿੱਚ ਹੁੜਦੰਗ ਕੀਤਾ ਜਾਂਦਾ ਹੈ ਜਿਸਦੀਆਂ ਵੀਡੀਓ ਕਲਿਪਿੰਗ ਉਹਨਾਂ ਦੇ ਕੋਲ ਹਨ| ਇਸ ਸੰਬੰਧੀ ਉਹਨਾਂ ਵਲੋਂ ਵਾਰ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਪਰੰਤੂ ਪੁਲੀਸ ਨੇ ਉਲਟਾ ਉਹਨਾਂ ਤੇ ਹੀ ਮਾਮਲਾ ਦਰਜ ਕੀਤਾ ਹੈ ਜਿਸਦੇ ਖਿਲਾਫ ਉਹ ਅਦਾਲਤ ਵਿੱਚ ਜਾਣਗੇ|

Leave a Reply

Your email address will not be published. Required fields are marked *