ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬਸੰਤ ਪੰਚਮੀ ਮੌਕੇ ਲੱਗੀਆਂ ਰੌਣਕਾਂ

ਪਟਿਆਲਾ, 1 ਫਰਵਰੀ (ਜਗਮੋਹਨ ਸਿੰਘ ਲੱਕੀ) ਪਟਿਆਲਾ ਸ਼ਹਿਰ ਵਿਚ ਇਤਿਹਾਸਿਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅੱਜ ਬਸੰਤ ਪੰਚਮੀ ਦਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਹਜਾਰਾਂ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਫਿਰ ਗੁਰੂ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ|
ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਵਿਸ਼ੇਸ ਦੀਵਾਨ ਸਜਾਏ ਗਏ| ਇਸ ਮੌਕੇ ਕਥਾਵਾਚਕ ਬਾਬਾ ਜੀ ਨੇ ਦਸਿਆ ਕਿ ਅੱਜ ਬਸੰਤ ਪੰਚਮੀ ਦੇ ਦਿਨ ਹੀ ਗੁਰੂ ਤੇਗ ਬਹਾਦਰ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਜਮੀਨ ਉਪਰ ਚਰਨ ਪਾਏ ਸਨ ਅਤੇ ਵਰ ਦਿਤਾ ਸੀ ਕਿ ਜੋ ਬਸੰਤ ਪੰਚਮੀ ਨੂੰ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਉਸ ਨੂੰ ਸਭ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ| ਇਸ ਉਪਰੰਤ ਰਾਗੀ, ਢਾਡੀ ਜਥਿਆਂ ਨੇ ਮਨੋਹਰ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਵੱਡੀ ਗਿਣਤੀ ਸੰਗਤਾਂ ਇਕ ਦਿਨ ਪਹਿਲਾਂ ਹੀ ਇਸ ਗੁਰਦੁਆਰਾ ਸਾਹਿਬ ਵਿਚ  ਪਹੁੰਚ ਗਈਆਂ ਸਨ, ਜਿਹਨਾ ਨੇ ਰਾਤ 12 ਵਜੇ ਤਰੀਕ ਬਦਲਣ ਸਾਰ ਹੀ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨਾ ਸ਼ੁਰੂ ਕਰ ਦਿਤਾ ਸੀ ਤੇ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣਾ ਸ਼ੁਰੂ ਕਰ ਦਿਤਾ ਸੀ|
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ| ਇਸ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਖਾਸ ਕਰਕੇ ਪੀਲੇ ਬਸੰਤੀ ਰੰਗ ਦੇ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ ਅਤੇ ਪਿਛਲੇ ਦਿਨਾਂ ਤੋਂ ਹੀ ਇਸ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਉਪਰ ਬਿਜਲਈ ਦੀਪਮਾਲਾ ਕੀਤੀ ਹੋਈ ਸੀ|
ਬਸੰਤ ਪੰਚਮੀ ਦੇ ਇਸ ਪਵਿੱਤਰ ਦਿਹਾੜੇ ਉਪਰ ਵੱਡੀ ਗਿਣਤੀ ਸੰਗਤਾਂ ਪੀਲੀਆਂ ਪੱਗਾਂ ਅਤੇ ਪੀਲੇ ਸੂਟ ਪਾ ਕੇ ਆਈਆਂ ਹੋਈਆਂ ਸਨ| ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਮੇਲੇ ਵਾਲਾ ਮਾਹੌਲ ਸੀ ਅਤੇ ਵੱਖ ਵੱਖ ਸਮਾਨ ਵੇਚਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ, ਜਿਹਨਾਂ ਤੋਂ ਲੋਕ ਆਪਣੀ ਲੋੜ ਤੇ ਪਸੰਦ ਅਨੁਸਾਰ ਸਾਮਾਨ ਖਰੀਦ ਰਹੇ ਸਨ|

Leave a Reply

Your email address will not be published. Required fields are marked *