ਗੁਰਦੁਆਰਾ ਫੇਜ਼ 4 ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੂੰ ਮਿਲੀ ਜਮਾਨਤ

ਐਸ.ਏ.ਐਸ. ਨਗਰ, 4 ਜੂਨ (ਸ.ਬ.) ਬੀਤੀ 22 ਮਈ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿੱਚ ਹੋਏ ਇੱਕ ਝਗੜੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏੇ ਗੁਰਦੁਆਰਾ ਸਾਹਿਬ ਫੇਜ਼ 4 ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਲੋਂ ਜਮਾਨਤ ਦੇ ਦਿੱਤੀ ਗਈ ਹੈ ਅਤੇ ਉਹ ਰਿਹਾ ਹੋ ਕੇ ਆਪਣੇ ਘਰ ਪਹੁੰਚ ਗਏ ਹਨ| ਇੱਥੇ ਜਿਕਰਯੋਗ ਹੈ ਕਿ ਪੁਲੀਸ ਵਲੋਂ ਬੀਤੀ 22 ਮਈ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿੱਚ ਹੋਏ ਇੱਕ ਝਗੜੇ ਦੇ ਮਾਮਲੇ ਵਿੱਚ            ਫੇਜ਼ 2 ਦੇ ਵਸਨੀਕ ਕਾਂਗਰਸੀ ਆਗੂ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 5 ਹੋਰ ਅਣਪਛਾਤੇ ਬੰਦਿਆਂ ਖਿਲਾਫ ਆਈ ਪੀ ਸੀ ਦੀ ਧਾਰਾ 323, 341, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ 295 ਏ ਵੀ ਜੋੜ ਦਿੱਤੀ ਗਈ ਸੀ ਅਤੇ ਜਤਿੰਦਰ ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ| 
ਅੱਜ ਇਸ ਮਾਮਲੇ ਦੇ ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਵਲੋਂ ਜਤਿੰਦਰਪਾਲ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜਤਿੰਦਰਪਾਲ ਸਿੰਘ ਦੇ ਵਕੀਲ ਸ੍ਰ. ਨਵੀਨ ਸੈਣੀ ਨੇ ਦਲੀਲ ਦਿੱਤੀ ਕਿ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਬਾਕਾਇਦਾ ਚੋਣ ਜਿੱਤ ਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣੇ ਜਤਿੰਦਰ ਪਾਲ ਸਿੰਘ ਨੂੰ ਸਿਆਸੀ ਦਬਾਓ ਹੇਠ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ| ਉਹਨਾਂ ਕਿਹਾ ਕਿ ਐਫ ਆਈ ਆਰ ਵਿੱਚ ਲਿਖੀ ਸ਼ਿਕਾਇਤ ਅਨੁਸਾਰ ਧਾਰਾ 295 ਏ ਦਾ ਕੇਸ ਨਹੀਂ ਬਣਦਾ ਅਤੇ ਪੁਲੀਸ ਵਲੋਂ ਜਤਿੰਦਰਪਾਲ ਸਿੰਘ ਨੂੰ ਤੰਗ ਕਰਨ ਲਈ ਇਹ ਧਾਰਾ ਜੋੜੀ ਗਈ ਹੈ ਅਤੇ ਸ੍ਰ. ਜਤਿੰਦਰ ਪਾਲ ਸਿੰਘ ਨੂੰ ਜਮਾਨਤ ਤੇ ਰਿਹਾ ਕੀਤਾ ਜਾਵੇ| 
ਦੂਜੀ ਧਿਰ ਦੇ ਵਕੀਲ ਵਲੋਂ ਜਤਿੰਦਰ ਪਾਲ ਸਿੰਘ ਨੂੰ ਜਮਾਨਤ                ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਇਸ ਵਿਅਕਤੀ ਨੂੰ ਜਮਾਨਤ ਤੇ ਛੱਡਿਆ ਜਾਂਦਾ ਹੈ ਤਾਂ ਇਹ ਵਿਅਕਤੀ ਮਾਮਲੇ ਨੂੰ ਪ੍ਰਭਾਵਿਤ ਕਰ ਸਕਦਾ ਹੈ| ਮਾਣਯੋਗ ਜੱਜ ਸ੍ਰੀਮਤੀ ਰੁਚੀ ਸਵਪਨ ਸ਼ਰਮਾ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਜਤਿੰਦਰਪਾਲ ਸਿੰਘ ਨੂੰ ਜਮਾਨਤ ਤੇ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ| 
ਜਮਾਨਤ ਤੇ ਰਿਹਾ ਹੋਣ ਉਪਰੰਤ ਜਤਿੰਦਰਪਾਲ ਸਿੰਘ ਨੇ ਇਲਜਾਮ ਲਗਾਇਆ ਕਿ ਉਹਨਾਂ ਤੋਂ ਚੋਣ ਹਾਰਨ ਵਾਲੀ ਧਿਰ ਵਲੋਂ ਸਾਜਿਸ਼ ਦੇ ਤਹਿਤ ਉਹਨਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ ਅਤੇ ਪੁਲੀਸ ਵਲੋਂ ਸਿਆਸੀ ਦਬਾਉ ਤਹਿਤ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਤੇ ਅਦਾਲਤ ਤੋਂ ਉਹਨਾਂ ਨੂੰ ਇਨਸਾਫ ਜਰੂਰ ਮਿਲੇਗਾ|

Leave a Reply

Your email address will not be published. Required fields are marked *