ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀਂ ਦਾ ਦਿਹਾੜਾ ਉਤਸ਼ਾਹ ਪੂਰਵਕ ਮਨਾਇਆ

ਐਸ ਏ ਐਸ ਨਗਰ, 24 ਮਈ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ| ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਧਾਰਮਿਕ ਸਮਾਗਮ ਵਿੱਚ ਭਾਈ ਸਤਨਾਮ ਸਿੰਘ ਝੰਗਿਆੜਾ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਜਬਰ ਅਤੇ ਜੁਲਮ ਦੇ ਖਿਲਾਫ ਦਿੱਤੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਜਾਣੂ ਕਰਵਾਇਆ| ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਕਥਾ ਵਿਚਾਰ ਅਤੇ ਪ੍ਰਵਚਨਾਂ ਰਾਹੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੱਸਦੇ ਹੋਏ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਗਿਆਨੀ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਕਰਵਾਉਣ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਹੱਤਤਾ ਦੱਸਦੇ ਹੋਏ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ| ਭਾਈ ਓਕਾਰ ਸਿੰਘ ਦੇ ਪੰਥਕ ਰਾਗੀ ਜਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਇਸ ਤੋਂ ਇਲਾਵਾ ਦਰਵੇਸ਼ ਪਿੰਡ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਭਾਈ ਨਿਰਮਲ ਸਿੰਘ ਦਮਦਮੀ ਟਕਸਾਲ ਵਾਲੇ, ਭਾਈ ਜਰਨੈਲ ਸਿੰਘ ਲੁਧਿਆਣੇ ਵਾਲੇ ਭਾਈ ਮਹਿੰਦਰ ਸਿੰਘ, ਭਾਈ ਬਹਾਦਰ ਸਿੰਘ ਸੇਵਕ, ਭਾਈ ਗੁਰਦੀਪ ਸਿੰਘ ਖੰਨਾ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਮਨਜੀਤ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਖਾਲਸਾ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਬਖਸ਼ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ| ਮੰਚ ਸੰਚਾਲਕ ਦੀ ਸੇਵਾ ਭਾਈ ਸੰਦੀਪ ਸਿੰਘ ਨੇ ਨਿਭਾਈ| ਇਸ ਮੌਕੇ ਹੋਰ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ| ਇਸ ਮੌਕੇ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਠੰਡੇ ਮੀਠੇ ਜਲ ਦੀ ਝਬੀਲ, ਖੀਰ, ਜਲੇਬੀਆਂ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਗਿਆ

Leave a Reply

Your email address will not be published. Required fields are marked *