ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਧਾਰਮਿਕ ਸਮਾਗਮ ਭਲਕੇ

ਐਸ ਏ ਐਸ ਨਗਰ, 11 ਫਰਵਰੀ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਸਰਬਤ ਦੇ ਭਲੇ ਲਈ 29 ਨਵੰਬਰ 1993 ਤੋਂ ਨਿਰੰਤਰ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ 42ਵੀਂ ਲੜੀ ਦੇ 4242 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ 12 ਫਰਵਰੀ ਨੂੰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸ. ਸੰਤ ਸਿੰਘ ਨੇ ਦੱਸਿਆ ਕਿ ਇਸ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ  ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ| ਜਿਸ ਵਿੱਚ ਭਾਈ ਓਂਕਾਰ ਸਿੰਘ, ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ, ਭਾਈ ਮਾਨ ਸਿੰਘ ਅਕਾਲੀ ਅਤੇ ਗਲਵੱਟੀ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ, ਮਾਈ ਭਾਗੋ ਕਵੀਸ਼ਰੀ ਅਤੇ ਪੰਥਕ ਢਾਡੀ ਜੱਥਾ, ਬੀਬੀ ਮੁਖਤਿਆਰ ਕੌਰ ਖਾਲਸਾ, ਭਾਈ ਪਰਮਜੀਤ ਸਿੰਘ ਖਾਲਸਾ ਦੇ ਜੱਥੇ ਤੋਂ ਇਲਾਵਾ ਉਚ ਕੋਟੀ ਦੇ ਪ੍ਰਚਾਰਕ ਕਥਾ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਨਿਹਾਲ ਕਰਨਗੇ | ਲੱਡੂ-ਜਲੇਬੀਆਂ, ਕਈ ਤਰਾਂ ਦੇ ਮਿਸ਼ਠਾਨਾ ਅਤੇ ਗੁਰੂ ਕਾ ਲੰਗਰ ਇਸ ਮੌਕੇ ਤੇ ਸਾਰਾ ਦਿਨ ਅਤੁੱਟ ਵਰਤਾਇਆ           ਜਾਵੇਗਾ|

Leave a Reply

Your email address will not be published. Required fields are marked *