ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਸੱਜਣ ਵੱਲੋਂ ਮਾਰੂਤੀ ਈਕੋ ਗੱਡੀ ਭੇਂਟ

ਐਸ.ਏ.ਐਸ.ਨਗਰ, 22 ਫਰਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਗੁਪਤ ਦਾਨੀ ਸੱਜਣ ਵੱਲੋਂ ਏਅਰਕੰਡੀਸ਼ਡ ਟਾਪ ਮਾਡਲ ਮਾਰੂਤੀ ਈਕੋ ਗੱਡੀ ਭੇਂਟ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਗੱਡੀ ਦੇ ਸ਼ੀਸ਼ੇ ਹੇਠਾਂ ਉਤਾਰ ਕੇ, ਗੱਡੀ ਦੀ ਚਾਬੀ ਵਿੱਚ ਹੀ ਲਗਾ ਕੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁੱਲ ਨੇੜੇ ਖੜ੍ਹੀ ਕਰਕੇ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪਹਿਰੇਦਾਰ ਵੱਲੋਂ ਜਾਣਕਾਰੀ ਦੇਣ ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਅਤੇ ਗੱਡੀ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਗੱਡੀ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹਨ। ਗੱਡੀ ਦੀਆਂ ਪਿਛਲੀਆਂ ਸੀਟਾਂ ਕਢਵਾ ਕੇ ਸਟੀਲ ਦੀ ਪਾਲਕੀ ਸਾਹਿਬ ਦੀ ਸੈਟਿੰਗ ਕੀਤੀ ਹੋਈ ਹੈ, ਪਾਲਕੀ ਸਾਹਿਬ ਨੂੰ ਸੁੰਦਰ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਨਾਲ ਸਜਾਇਆ ਹੋਇਆ ਹੈ। ਕਾਗਜ਼ਾਂ ਦੇ ਮੁਤਾਬਿਕ ਗੱਡੀ ਦੀ ਕੀਮਤ 5 ਲੱਖ 42 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵਲੋਂ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਗੁ. ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇੱਕਠੇ ਹੋ ਕੇ ਪਾਠੀ ਸਿੰਘਾਂ ਤੋਂ ਗੁਪਤ ਦਾਨੀ ਸੱਜਣ ਦੀ ਚੱੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, 2 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜ਼ਾਇਲੋ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 2 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਟਾਟਾ ਐਲ ਪੀ. ਟਰੱਕ, ਅਸ਼ੋਕਾ ਲੇਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿ ਭੇਂਟ ਕੀਤਾ ਜਾ ਚੁੱਕਿਆ ਹੈ।

Leave a Reply

Your email address will not be published. Required fields are marked *