ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਐਸ.ਏ.ਐਸ. ਨਗਰ , 21 ਅਕਤੂਬਰ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਇਸ ਦਿਵਸ ਦੀ ਖੁਸ਼ੀ ਵਿੱਚ ਸਵੇਰੇ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਧਾਰਮਿਕ ਸਮਾਗਮ ਵਿੱਚ ਭਾਈ ਗੁਰਨਾਮ ਸਿੰਘ ਮੋਹੀ ਦੇ ਪੰਥਕ ਢਾਡੀ ਜੱਥੇ ਨੇ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ ਮੁਕਤ ਕਰਾਉਣ ਦੇ ਪ੍ਰਸੰਗ ਨੂੰ ਢਾਡੀ ਵਾਰਾਂ ਵਿੱਚ ਸੰਗਤਾਂ ਨੂੰ ਵਿਸਥਾਰ ਵਿੱਚ ਨਾਲ ਸੁਣਾ ਕੇ ਨਿਹਾਲ ਕੀਤਾ|  ਉਨ੍ਹਾਂ ਗੁਰੂ ਸਾਹਿਬ ਵੱਲੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਸ਼ਰਤ ਮੁਤਾਬਿਕ 52 ਕਲੀਆ ਵਾਲਾ ਚੋਲਾ ਪਹਿਨ ਕੇ ਪਹਾੜੀ ਰਾਜਿਆਂ ਨੂੰ ਕੈਦ ਵਿੱਚੋਂ ਮੁਕਤ ਕਰਾਉਣ ਦੇ ਪ੍ਰਸੰਗ ਨੂੰ ਦਿਲ ਖਿੱਚਵੇਂ ਅੰਦਾਜ ਵਿੱਚ ਸੰਗਤਾਂ ਨੂੰ ਸਰਵਣ ਕਰਾਇਆ| ਭਾਈ ਸੰਦੀਪ ਸਿੰਘ, ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ, ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ| ਉਨ੍ਹਾਂ ਵਿਆਖਿਆ ਸਮੇਤ ਪ੍ਰਵਚਨ ਕਰਕੇ ਗੁਰੂ ਸਾਹਿਬ ਦੇ ਗਵਾਲੀਅਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਸੰਗਤਾਂ ਵੱਲੋਂ ਕੀਤੀ ਦੀਪਮਾਲਾ ਕਰਨ ਦਾ ਪ੍ਰਸੰਗ ਵਿਸਥਾਰ ਸਹਿਤ ਸੁਣਾਇਆ | ਇਸ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਰਵਿੰਦਰ ਸਿੰਘ ਬਲੌਂਗੀ ਵਾਲੇ, ਭਾਈ ਨਿਰਵੈਰ ਸਿੰਘ ਖਾਲਸਾ, ਭਾਈ ਜੁਝਾਰ ਸਿੰਘ ਦਾ ਪੰਥਕ ਢਾਡੀ ਜੱਥਾ, ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਗੜਾਨੇ ਵਾਲਿਆਂ ਦਾ ਢਾਡੀ ਜੱਥਾ, ਭਾਈ ਸੁਰਜੀਤ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਬਲਜੀਤ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਭਾਈ ਜਸਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਦੇ ਜੱਥਿਆਂ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵੀਚਾਰਾਂ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਨਿਹਾਲ ਕੀਤਾ| ਮੰਚ ਸੰਚਾਲਕ ਭਾਈ ਧੰਨਾ ਸਿੰਘ ਨੇ ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ| ਗ ੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਮਨਾਇਆ ਜਾਵੇਗਾ| ਉਨ੍ਹਾਂ ਦੱਸਿਆ ਕਿ  ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ| ਇਸ ਉਪਰੰਤ ਉਚ ਕੋਟੀ ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ|

Leave a Reply

Your email address will not be published. Required fields are marked *