ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਵਿਖੇ 45ਵੀਂ ਲੜੀ ਦੀ ਸੰਪੂਰਨਤਾਈ ਤੇ ਧਾਰਮਿਕ ਸਮਾਗਮ ਅਤੇ ਵਿਸ਼ਾਲ ਜੱਗ 19 ਅਕਤੂਬਰ ਨੂੰ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ 29 ਨਵੰਬਰ 1993 ਤੋਂ ਨਿਰੰਤਰ ਚੱਲ ਰਹੀ ਸਦੀਵੀ ਲੜੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ 45ਵੀਂ ਲੜੀ ਦੇ 4545 ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਹੋਣ ਦੀ ਖੁਸ਼ੀ ਵਿੱਚ 19 ਅਕਤੂਬਰ ਨੂੰ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਖੁਸ਼ੀ ਵਿੱਚ ਬਾਬਾ ਜੀ ਦੇ ਬਚਨਾ ਸਦਕਾ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ| ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਪਰ ਉਪਕਾਰ ਸਿੰਘ ਅਤੇ ਨਕੋਦਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ, ਭਾਈ ਗੁਰਦੇਵ ਸਿੰਘ ਹੀਰਾ ਦਾ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ, ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ, ਭਾਈ ਹਰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਪੰਜੋਖਰਾ ਸਾਹਿਬ ਵਾਲੇ, ਭਾਈ ਓਂਕਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਕਥਾ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ| ਇਸ ਦਿਨ ਵਿਸ਼ਾਲ ਅੰਮ੍ਰਿਤ ਸੰਚਾਰ ਦਾ ਆਯੋਜਨ ਸਵੇਰੇ 10:00 ਵਜੇ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ ਇਸ ਦੌਰਾਨ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ, ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ, ਸੰਤ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਮਨਪ੍ਰੀਤ ਸਿੰਘ ਲੁਹਾਰੀ ਵਾਲੇ ਸੰਗਤਾਂ ਦੇ ਦਰਸ਼ਨ ਕਰਨਗੇ| ਲੱਡੂ ਜਲੇਬੀਆਂ ਅਤੇ ਕਈ ਤਰ੍ਹਾਂ ਦੇ ਮਿਸਟਾਨਾਂ ਦਾ ਮਹਾਨ ਯੱਗ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ |

Leave a Reply

Your email address will not be published. Required fields are marked *