ਗੁਰਦੁਆਰਿਆਂ ਦੇ ਲੰਗਰ ਉੱਪਰ ਲੱਗਣ ਵਾਲੇ ਜੀ.ਐਸ.ਟੀ. ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ

ਐਸ.ਏ.ਐਸ.ਨਗਰ, 1 ਜੂਨ (ਸ.ਬ.) ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ ਗੁਰਦੁਆਰਿਆਂ ਦੇ ਲੰਗਰ ਉੱਪਰ ਲੱਗਣ ਵਾਲੇ ਜੀ.ਐਸ.ਟੀ ਨੂੰ ਹਟਾਉਣ ਦਾ ਸਵਾਗਤ ਕੀਤਾ ਹੈ| ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਕੇਂਦਰ ਕੋਲੋਂ ਲੰਗਰ ਉੱਪਰ ਲੱਗਣ ਵਾਲੇ ਜੀ.ਐਸ.ਟੀ ਨੂੰ ਹਟਾਉਣ ਦੀ ਮੰਗ ਵਾਰ ਵਾਰ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਅਖੀਰ ਉਸ ਫੈਸਲੇ ਤੇ ਪਹੁੰਚ ਗਈ ਜਿਸ ਨਾਲ ਜਲਦ ਹੀ ਲੰਗਰਾਂ ਉੱਪਰ ਜੀ.ਐਸ.ਟੀ ਹਟਾ ਦਿੱਤਾ ਜਾਵੇਗਾ| ਇਸ ਸਮੇਂ ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਲੱਗਣ ਵਾਲੇ ਲੰਗਰਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੋਕ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਦੇ ਹਨ, ਜੋ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਅਤੇ ਹਰ ਗਰੀਬ ਅਮੀਰ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ, ਇਸ ਤਰ੍ਹਾਂ ਲੰਗਰਾਂ ਨੂੰ ਜੀ.ਐਸ.ਟੀ ਮੁਕਤ ਕਰਨਾ ਵਾਲਾ ਫ਼ੈਸਲਾ ਸਮੁੱਚੀ ਮਨੁੱਖਤਾ ਦੀ ਭਲਾਈ ਵਾਲਾ ਫ਼ੈਸਲਾ ਹੋਵੇਗਾ| ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਸਾਉਣੀ ਦੀ ਫਸਲਾਂ ਦੇ ਭਾਅ ਦੇਣ ਦਾ ਫੈਸਲਾ ਪੰਜਾਬ ਅਤੇ ਸਮੁੱਚੇ ਭਾਰਤ ਦੇ ਕਿਸਾਨਾਂ ਲਈ ਵੱਡਾ ਅਤੇ ਲਾਹੇਵੰਦ ਸਾਬਤ ਹੋਵੇਗਾ| ਉਹਨਾਂ ਕਿਹਾ ਕਿ ਇਸ ਰਿਪੋਰਟ ਮੁਤਾਬਿਕ ਭਾਅ ਮਿਲਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਖਾਦਾਂ, ਡੀਜਲ ਦੇ ਭਾਅ ਵਧਣ ਅਤੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਕਿਸਾਨੀ ਵਰਗ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਲਈ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ ਸਾਉਣੀ ਦੀਆਂ ਫਸਲਾਂ ਦੇ ਭਾਅ ਮਿਲਣ ਨਾਲ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ|

Leave a Reply

Your email address will not be published. Required fields are marked *