ਗੁਰਬਾਣੀ ਰਾਹੀਂ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਆ

ਐਸ ਏ ਐਸ ਨਗਰ, 27 ਅਗਸਤ (ਸ.ਬ.) ਨਸ਼ੇ ਦੇ ਮਰੀਜ਼ਾਂ ਨੂੰ ਗੁਰਬਾਣੀ ਰਾਹੀਂ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨ ਲਈ ਸੈਕਟਰ 66 ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਸ਼ਬਦ ਕੀਰਤਨ ਸਮਾਗਮ ਕਰਵਾਇਆ ਗਿਆ| ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਤੇ ਭਾਈ ਗੁਰਵਾਰਸ ਸਿੰਘ ਚੰਡੀਗੜ੍ਹ ਵਾਲਿਆਂ ਨੇ ਅਪਣੀ ਮਿੱਠੀ ਤੇ ਮਧੁਰ ਆਵਾਜ਼ ਵਿਚ ਗੁਰਬਾਣੀ ਰਾਹੀਂ ਗੁਰੂ ਦਾ ਜੱਸ ਗਾਇਆ ਤੇ ਕੇਂਦਰ ਵਿਚ ਦਾਖ਼ਲ ਨਸ਼ੇ ਦੇ ਰੋਗੀਆਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ| ਕਥਾ-ਪ੍ਰਵਚਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਵਿਚ ਬਹੁਤ ਤਾਕਤ ਹੈ ਜਿਹੜੀ ਅਸੰਭਵ ਕੰਮ ਨੂੰ ਵੀ ਸੰਭਵ ਬਣਾ ਸਕਦੀ ਹੈ| ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਨਰਕ ਦੀ ਮਾਰ ਤੋਂ ਬਚਾ ਲੈਂਦੀ ਹੈ, ਫਿਰ ਗੁਰਬਾਣੀ ਪੜ੍ਹਦਿਆਂ-ਸੁਣਦਿਆਂ ਨਸ਼ਾ ਛਡਣਾ ਕੋਈ ਵੱਡੀ ਗੱਲ ਨਹੀਂ|
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਗੁਰਬਾਣੀ ਰਾਹੀਂ ਤੰਦਰੁਸਤ ਰਹਿਣ ਲਈ ਪ੍ਰੇਰਨਾ ਦਿਤੀ ਗਈ ਹੈ| ਨਸ਼ੇ ਦੇ ਮਰੀਜ਼ਾਂ ਨੂੰ ਗੁਰਬਾਣੀ ਰਾਹੀਂ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ ਹੈ ਤਾਕਿ ਉਹ ਇਸ ਮਾੜੀ ਆਦਤ ਤੋਂ ਹਮੇਸ਼ਾ ਲਈ ਛੁਟਕਾਰਾ ਹਾਸਲ ਕਰ ਸਕਣ| ਸਮਾਗਮ ਦੇ ਅਖ਼ੀਰ ਵਿਚ ਸਮੁੱਚੀ ਸੰਗਤ ਨੇ ‘ਦੇਹ ਸ਼ਿਵਾ ਬਰ ਮੋਹੇ ਈਹੈ’ ਸ਼ਬਦ ਗਾਇਆ ਅਤੇ ਸਮਾਪਤੀ ਹੋਣ ਤੇ ਰਲ-ਮਿਲ ਕੇ ਚਾਹ-ਪਾਣੀ ਛਕਿਆ| ਇਸ ਮੌਕੇ ਡਾ. ਪੂਜਾ ਗਰਗ, ਡਾ. ਅੰਸ਼ੂ ਤੇ ਹੋਰ ਸਟਾਫ਼ ਮੌਜੂਦ ਸੀ|

Leave a Reply

Your email address will not be published. Required fields are marked *