ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੱਕ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰੱਖਿਆ ਜਾਵੇ  : ਬੀਰ ਦਵਿੰਦਰ ਸਿੰਘ

ਪਟਿਆਲਾ,  13 ਨਵੰਬਰ (ਸ.ਬ.) ਸਾਬਕਾ ਡਿਪਟੀ ਸਪੀਕਰ ਸ ਬੀਰ ਦਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ  ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੱਕ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰੱਖਿਆ ਜਾਵੇ |
ਅੱਜ ਇਕ ਬਿਆਨ ਵਿਚ ਸ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਨਵੰਬਰ 2019 ਵਿੱਚ ਆ ਰਿਹਾ ਹੈ ਜੋ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਗਤ ਵੱਲੋਂ, ਵਿਸ਼ਵ ਭਰ ਵਿੱਚ ਵੱਡੀ ਪੱਧਰ ਤੇ ਮਨਾਇਆ ਜਾਣਾ ਹੈ|ਇਸ ਵੱਡੇ ਮਹਾਨ ਪੁਰਬ ਦੀ ਸਾਰੀ ਵੱਡ-ਅਕਾਰੀ ਰੂਪ-ਰੇਖਾ ਤੇ ਵਿਉਂਤਬੰਦੀ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਬੁਨਿਆਦੀ ਭੂਮਿਕਾ ਬਣਦੀ ਹੈ| ਇਨ੍ਹਾਂ ਵੱਡ ਅਕਾਰੀ ਕਾਰਜਾਂ ਦੀ ਬਣਤਰ, ਯੋਜਨਾ ਤੇ ਪ੍ਰਬੰਧ ਹੁਣ ਤੋਂ ਹੀ ਨਿਯਮਤ ਢੰਗ ਨਾਲ ਸ਼ੁਰੂ ਕਰਨੇ ਬਣਦੇ ਹਨ| ਇਸ ਲਈ ਇਹ ਯੋਗ ਹੋਵੇਗਾ ਕਿ ਮੌਜੂਦਾ ਟੀਮ ਨੂੰ ਹੀ ਨਿਰਵਿਘਨ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ|
ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਕੁੱਝ ਸਕੱਤਰ ਪੱਧਰ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਤੇ ਸਵਾਲ ਉਠ ਰਹੇ ਹਨ, ਜਿਨ੍ਹਾਂ ਵਿਅਕਤੀਆਂ ਨੂੰ ਇਨ੍ਹਾਂ ਮਹੱਤਵਪੂਰਨ ਰੁਤਬਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ ਵਿਦਿਅਕ ਯੋਗਤਾ ਬਹੁਤ ਹੀ ਘੱਟ ਹੈ| ਸਕੱਤਰ ਪੱਧਰ ਦਾ ਰੁਤਬਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੇਹੀ ਵੱਡੀ ਤੇ ਮਹੱਤਵਪੂਰਨ ਸੰਸਥਾ ਦੇ ਪ੍ਰਬੰਧਕੀ ਤਾਣੇ-ਬਾਣੇ ਵਿੱਚ ਇੱਕ ਬੇਹੱਦ ਅਹਿਮ ਰੁਤਬਾ ਹੈ ਜਿਸ ਤੇ ਨਿਯੁਕਤੀ ਬੜੀ ਸੋਚ ਵਿਚਾਰ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *