ਗੁਰੂ ਨਾਨਕ ਮਾਰਕੀਟ ਫੇਜ਼-1 ਦੀ ਪ੍ਰਧਾਨਗੀ ਦੀ ਚੋਣ ਰਾਕੇਸ਼ ਰਿੰਕੂ ਨੇ ਜਿੱਤੀ

ਐਸ.ਏ.ਐਸ.ਨਗਰ, 26 ਅਪ੍ਰੈਲ (ਸ.ਬ.) ਗੁਰੂ ਨਾਨਕ ਮਾਰਕੀਟ   ਫੇਜ਼-1 ਦੀ ਪ੍ਰਧਾਨਗੀ ਦੀ ਚੋਣ ਵਿੱਚ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ ਚੋਣ ਜਿੱਤ ਕੇ ਮੁੜ ਪ੍ਰਧਾਨ ਚੁਣੇ ਗਏ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੇ ਬੁਲਾਰੇ ਨੇ ਦਸਿਆ ਕਿ ਪ੍ਰਧਾਨਗੀ ਦੀ ਇਸ ਚੋਣ ਵਿੱਚ ਦੋ ਉਮੀਦਵਾਰ ਰਾਕੇਸ਼ ਕੁਮਾਰ ਰਿੰਕੂ ਚੋਣ ਨਿਸ਼ਾਨ ਬੱਸ, ਸੁਨੀਲ ਕੁਮਾਰ ਪਿੰਕਾ ਚੋਣ ਨਿਸ਼ਾਨ ਚੜਦਾ ਸੂਰਜ ਮੈਦਾਨ ਵਿੱਚ ਸਨ| ਇਸ ਮਾਰਕੀਟ ਦੀਆਂ ਕੁੱਲ 276 ਵੋਟਾਂ ਹਨ, ਜਿਹਨਾਂ ਵਿੱਚੋਂ 229 ਵੋਟਾਂ ਪੋਲ ਹੋਈਆਂ| ਇਸ ਦੌਰਾਨ ਰਾਕੇਸ਼ ਕੁਮਾਰ ਰਿੰਕੂ ਨੂੰ 138 ਅਤੇ ਸੁਨੀਲ ਕੁਮਾਰ ਪਿੰਕਾ ਨੂੰ 91 ਵੋਟਾਂ ਪਈਆਂ|
ਉਹਨਾਂ ਦਸਿਆਂ ਕਿ ਇਸ ਚੋਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸਰਵ ਸ੍ਰੀ ਬਲਦੇਵ ਰਾਜ, ਕਮਲ ਕੁਮਾਰ, ਕੁਲਦੀਪ ਸਿੰਘ, ਕੁਲਵਿੰਦਰ ਸਿਘ, ਤੇਜਿੰਦਰ ਕੱਕੜ ਸ਼ਾਮਲ ਸਨ| ਇਸ ਕਮੇਟੀ ਵੱਲੋਂ ਨਾਮ ਭਰਨ ਦੀ ਤਾਰੀਕ, ਨਾਮ ਵਾਪਸ ਲੈਣ ਦੀ ਤਾਰੀਕ ਸਮੇਤ ਪੂਰਾ ਚੋਣ ਅਮਲ ਦੂਜੀਆਂ ਚੋਣਾਂ ਵਾਂਗੂ ਅਮਲ ਵਿੱਚ ਲਿਆਂਦਾ ਗਿਆ ਸੀ|
ਚੋਣ ਜਿੱਤਣ ਤੋਂ ਬਾਅਦ ਰਾਕੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਉਹ ਦੁਕਾਨਦਾਰਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕਰਨਗੇ| ਉਹਨਾਂ ਕਿਹਾ ਕਿ ਇਸ ਮਾਰਕੀਟ ਨੂੰ ਪੱਕਾ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ| ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਥਾਵਾਂ ਉਪਰ ਬਾਥਰੂਮ ਬਣਾਏ ਜਾਣਗੇ|
ਇਸ ਮੌਕੇ ਸ੍ਰੀ ਰਿੰਕੂ ਦੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਢੋਲ ਵਜਾ ਕੇ ਭੰਗੜੇ ਪਾਏ ਗਏ|

Leave a Reply

Your email address will not be published. Required fields are marked *