ਗੁਰ ਆਸਰਾ ਟਰੱਸਟ ਵਿੱਚ ਪਲ ਰਹੀ ਲੜਕੀ ਦਾ ਵਿਆਹ ਪੂਰਨ ਗੁਰੂ ਮਰਿਆਦਾ ਨਾਲ ਕੀਤਾ

ਐਸ ਏ ਐਸ ਨਗਰ, 25 ਨਵੰਬਰ (ਸ. ਬ.) ਗੁਰ ਆਸਰਾ ਟਰੱਸਟ ਸੈਕਟਰ 78 ਮੁਹਾਲੀ ਵਿਖੇ ਰਹਿ ਰਹੀ ਅੰਗਹੀਣ ਲੜਕੀ ਗੁਰਨੂਰ ਦਾ ਆਨੰਦ ਕਾਰਜ ਅੱਜ ਪੂਰਨ ਗੁਰ ਮਰਿਆਦਾ ਨਾਲ ਕਾਕਾ ਗੁਰਮੀਤ ਸਿੰਘ ਵਾਸੀ ਐਸ ਏ ਐਸ ਨਗਰ ਨਾਲ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਟ੍ਰਸਟ ਦੀ ਮੁੱਖੀ ਬੀਬੀ ਕੁਲਬੀਰ ਕੌਰ ਧਾਮੀ ਨੇ ਦਸਿਆ ਕਿ ਟ੍ਰਸਟ ਵੱਲੋਂ ਸਿੱਖ ਕੌਮ ਲਈ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਕੁਰਬਾਨ ਹੋਏ ਸਿੰਘਾਂ ਦੀਆਂ ਬੱਚੀਆਂ ਦਾ ਪਾਲਨ ਪੋਸ਼ਣ ਕਰਨ ਦੇ ਨਾਲ ਨਾਲ ਬੇਸਹਾਰਾ, ਅਨਾਥ ਅਤੇ ਲੋੜਵੰਦ ਬੱਚੀਆਂ ਨੂੰ ਵੀ ਪਾਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਾਇਕ ਬਣਾਇਆ ਜਾਂਦਾ ਹੈ| ਉਹਨਾਂ ਦੱਸਿਆ ਕਿ ਇਸ ਬੱਚੀ ਗੁਰਨੂਰ ਨੇ ਬਾਰਵੀਂ ਦੀ ਪੜ੍ਹਾਈ ਕਰਨ ਉਪਰੰਤ ਆਈ ਟੀ ਆਈ (ਇੰਬਰਾਈਡਰੀ) ਦੀ ਸਿਖਿਆ ਹਾਸਿਲ ਕੀਤੀ ਹੈ ਅਤੇ ਅੱਜ ਟ੍ਰਸਟ ਵਲੋਂ ਪੂਰਨ ਗੁਰੂ ਮਰਿਆਦਾ ਨਾਲ ਉਸਦੇ ਆਨੰਦ ਕਾਰਜ ਕਾਕਾ ਗੁਰਮੀਤ ਸਿੰਘ ਨਾਲ ਕਰਵਾਇਆ ਗਿਆ ਹੈ|
ਉਹਨਾਂ ਦੱਸਿਆ ਕਿ ਸੈਕਟਰ 78 ਵਿਖੇ ਸਰਕਾਰ ਵਲੋਂ ਉਹਨਾਂ ਨੂੰ ਸਾਢੇ ਛੇ ਕਨਾਲ ਦੇ ਕਰੀਬ ਥਾਂ ਅਲਾਟ ਕੀਤੀ ਗਈ ਸੀ ਜਿੱਥੇ ਹੁਣ ਟ੍ਰਸਟ ਵਲੋਂ ਬੱਚੀਆਂ ਦੇ ਰਹਿਣ ਦਾ ਇੰਤਜਾਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਅੱਜ ਤੋਂ ਹੀ ਟ੍ਰਸਟ ਵੀ ਹੁਣ ਫੇਜ਼ 7 ਤੋਂ ਬਦਲ ਸੈਕਟਰ 78 ਵਿਖੇ ਲਿਆਂਦਾ ਜਾ ਰਿਹਾ ਹੈ| ਇੱਥੇ ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਫੇਜ਼ 7 ਵਿੱਚ ਇੱਕ ਕਿਰਾਏ ਦੀ ਇਮਾਰਤ ਵਿੱਚ ਟ੍ਰਸਟ ਵਲੋਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਉੱਚ ਵਿਦਿਆ ਵੀ ਦਿਵਾਈ ਜਾਂਦੀ ਹੈ| ਇਹ ਬੱਚੀਆਂ ਹੁਣ ਸੈਕਟਰ 78 ਵਿਖੇ ਟ੍ਰਸਟ ਦੀ ਇਮਾਰਤ ਵਿਚ ਹੀ ਰਹਿਣਗੀਆਂ|
ਇਸ ਮੌਕੇ ਟ੍ਰਸਟ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਉਹਨਾਂ ਦੇ ਪੁੱਤਰ ਸ੍ਰ. ਰਾਜਵਿੰਦਰ ਸਿੰਘ ਬੈਂਸ, ਭਾਈ ਕਮਿੱਕਰ ਸਿੰਘ ਦਲ ਖਾਲਸਾ, ਜਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਸਰਵਣ ਸਿੰਘ ਅਗਵਾਣ, ਨਸੀਬ ਸਿੰਘ ਸੰਧੂ, ਮਹਾਂਬੀਰ ਸਿੰਘ ਢਿੱਲੋਂ, ਹਰਬੰਸ ਕੌਰ ਤਲਵੰਡੀ, ਐਡਵੋਕੇਟ ਨਵਕਿਰਨ ਸਿੰਘ, ਬਾਬਾ ਪ੍ਰਗਟ ਸਿੰਘ, ਅਤਰ ਸਿੰਘ, ਮੈਨੇਜਰ ਅੰਬ ਸਾਹਿਬ, ਹਰਮਿੰਦਰ ਸਿੰਘ ਗਾਂਧੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *