ਗੁੰਡਾਗਰਦੀ ਕਰਨ ਵਾਲੇ ਪਸ਼ੂਪਾਲਕਾਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ : ਬਲਬੀਰ ਸਿੰਘ ਸਿੱਧੂ

ਗੁੰਡਾਗਰਦੀ ਕਰਨ ਵਾਲੇ ਪਸ਼ੂਪਾਲਕਾਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ : ਬਲਬੀਰ ਸਿੰਘ ਸਿੱਧੂ
ਡੀ ਐਸ ਪੀ ਅਤੇ ਨਿਗਮ ਕਮਿਸ਼ਨਰ ਨੂੰ ਪਸ਼ੂ ਪਾਲਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਹਿਦਾਇਤ
ਐਸ.ਏ.ਐਸ ਨਗਰ, 4 ਸਤੰਬਰ (ਜਸਵਿੰਦਰ ਸਿੰਘ) ਸਥਾਨਕ ਪਿੰਡ ਮਟੌਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਚਲਦੇ ਆ ਰਹੇ ਆਵਾਰਾ ਪਸ਼ੂਆਂ ਦਾ ਮਸਲਾ ਹੋਰ ਭਖ ਜਾਣ ਤੇ ਅੱਜ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਪਿੰਡ ਮਟੌਰ ਪੁੱਜ ਕੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਗੁੰਡਾਗਰਦੀ ਕਰਨ ਵਾਲੇ ਪਸ਼ੂ ਪਾਲਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਿਗਮ ਦੀ ਟੀਮ ਤੇ ਹਮਲਾ ਕਰਨ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ|
ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਪਿੰਡ ਮਟੌਰ ਦੇ ਨਾਲ ਲੱਗਦੇ ਸੈਕਟਰ 71 ਦੇ ਕਮਿਊਨਿਟੀ ਸੈਟਰ ਨੇੜੇ ਘੁੰਮਦੀਆਂ ਆਵਾਰਾ ਗਊਆਂ ਨੂੰ ਕਾਬੂ ਕਰਨ ਲਈ ਗਈ ਨਿਗਮ ਦੀ ਟੀਮ ਨੂੰ ਪਸ਼ੂਪਾਲਕਾਂ ਵਲੋਂ ਰੋਕ ਦਿੱਤਾ ਗਿਆ ਸੀ| ਇਸ ਦੌਰਾਨ ਇਹਨਾਂ ਪਸ਼ੂਪਾਲਕਾਂ ਦੇ ਖਿਲਾਫ ਪਿੰਡ ਵਾਸੀ ਵੀ ਇਕੱਠੇ ਹੋ ਗਏ ਸਨ ਅਤੇ ਹਾਲਾਤ ਤਨਾਓਪੂਰਨ ਬਣ ਗਏ ਸਨ| ਇਸ ਦੌਰਾਨ ਮੌਕੇ ਤੇ ਪੁਲੀਸ ਦੇ ਪਹੁੰਚ ਜਾਣ ਤੇ ਪਸ਼ੂਪਾਲਕ ਉੱਥੋਂ ਖਿਸਕ ਗਏ ਸਨ ਅਤੇ ਨਿਗਮ ਦੀ ਟੀਮ ਉੱਥੋਂ ਜਾਨਵਰ ਫੜ ਕੇ ਲੈ ਗਈ ਸੀ|
ਬਾਅਦ ਵਿੱਚ ਪਿੰਡ ਵਾਸੀਆਂ ਵਲੋਂ ਪਿੰਡ ਅਤੇ ਇਸਦੇ ਆਸ ਪਾਸ ਘੁੰਮਦੇ 100 ਦੇ ਕਰੀਬ ਆਵਾਰਾ ਪਸ਼ੂਆਂ ਨੂੰ ਫੜ ਕੇ ਕਮਿਊਨਿਟੀ ਦੇ ਸੈਂਟਰ ਦੇ ਸਾਹਮਣੇ ਖਾਲੀ ਥਾਂ (ਜਿਸਦੀ ਚਾਰਦਿਵਾਰੀ ਹੋਈ ਹੈ) ਵਿੱਚ ਡੱਕ ਦਿੱਤਾ ਗਿਆ ਸੀ ਅਤੇ ਦੇਰ ਰਾਤ ਤਕ ਪਿੰਡ ਵਾਸੀ ਇੱਥੇ ਪਹਿਰਾ ਦਿੰਦੇ ਰਹੇ ਸਨ| ਬਾਅਦ ਵਿੱਚ ਪਿੰਡ ਵਾਸੀਆਂ ਦੇ ਚਲ ਜਾਣ ਉਪਰੰਤ ਰਾਤ ਡੇਢ ਦੋ ਵਜੇ ਦੇ ਕਰੀਬ ਪਸ਼ੂ ਪਾਲਕਾਂ ਵਲੋਂ ਇਹ ਦੀਵਾਰ ਤੋੜ ਕੇ ਆਪਣੇ ਪਸ਼ੂ ਕੱਢ ਲਏ ਗਏ ਸਨ|
ਅੱਜ ਸਵੇਰੇ ਪਸ਼ੂਆਂ ਨੂੰ ਕੱਢੇ ਜਾਣ ਦੀ ਜਾਣਕਾਰੀ ਮਿਲਣ ਤੇ ਪਿੰਡ ਵਾਸੀਆਂ ਨੇ ਮੌਕੇ ਤੇ ਟੈਂਟ ਲਗਾ ਕੇ ਪੱਕਾ ਧਰਨਾ ਲਗਾ ਦਿੱਤਾ| ਇਸ ਦੌਰਾਨ ਕਾਂਗਰਸੀ ਆਗੂ ਪ੍ਰਦੀਪ ਸੋਨੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵਲੋਂ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਜਿਸਤੇ ਸ੍ਰ. ਸਿੱਧੂ ਨੇ ਮੌਕੇ ਤੇ ਆ ਕੇ ਮਸਲੇ ਦਾ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ|
ਦੁਪਹਿਰ ਵੇਲੇ ਸ੍ਰ . ਸਿੱਧੂ ਪਿੰਡ ਮਟੌਰ ਪਹੁੰਚੇ ਅਤੇ ਉਹਨਾਂ ਨੇ ਧਰਨੇ ਤੇ ਬੈਠੇ ਪਿੰਡ ਵਾਸੀਆਂ ਦੀ ਗੱਲ ਸੁਣਨ ਉਪਰੰਤ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਅਤੇ ਡੀ ਐਸ ਪੀ ਸਿਟੀ 1 ਸ੍ਰ. ਗੁਰਸ਼ੇਰ ਸਿੰਘ ਨੂੰ ਮੌਕੇ ਤੇ ਸੱਦ ਕੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਦੀਆਂ ਹਿਦਾਇਤਾਂ ਦਿੱਤੀਆਂ| ਉਹਨਾਂ ਕਿਹਾ ਕਿ ਗੁੰਡਾ ਗਰਦੀ ਕਰਨ ਅਤੇ ਇਸ ਸਰਕਾਰੀ ਦੀਵਾਰ ਨੂੰ ਤੋੜਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਿਆਂ ਤੁਰੰਤ ਉਨ੍ਹਾਂ ਉੱਤੇ ਪਰਚਾ ਕੀਤਾ ਜਾਵੇ| ਇਸਦੇ ਨਾਲ ਹੀ ਸ੍ਰ. ਸਿੱਧੂ ਵਲੋਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਆਵਾਰਾ ਪਸ਼ੂ ਛੱਡਣ ਵਾਲੇ ਅਤੇ ਗੁੰਡਾਗਰਦੀ ਕਰਨ ਵਾਲੇ ਪਸ਼ੂ ਪਾਲਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ|
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ੍ਰ. ਬਲਬੀਰ ਸਿਘ ਸਿੱਧੂ ਨੇ ਕਿਹਾ ਕਿ ਪਸ਼ੂ ਪਾਲਕਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਆਵਾਰਾ ਪਸ਼ੂਆਂ ਨਾਲ ਟਕਰਾ ਕੇ ਆਪਣੀ ਜਾਨ ਤੱਕ ਗਵਾ ਦਿੰਦੇ ਹਨ| ਉਨ੍ਹਾਂ ਕਿਹਾ ਕਿ ਗਊਸ਼ਾਲਾ ਛੋਟੀ ਹੋਣ ਕਾਰਨ ਇਕ ਪ੍ਰਾਈਵੇਟ ਗਊਸ਼ਾਲਾ ਲਈ ਜਾ ਰਹੀ ਹੈ ਜਿੱਥੇ ਸ਼ਹਿਰ ਦੇ ਆਵਾਰਾ ਪਸ਼ੂਆਂ ਨੂੰ ਭੇਜਿਆ ਜਾਵੇਗਾ|
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਜਾਂਦਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ|
ਇਸ ਮੌਕੇ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਸ੍ਰ. ਅਮਰੀਕ ਸਿੰਘ ਸੋਮਲ, ਸ੍ਰ. ਪ੍ਰਦੀਪ ਸੋਨੀ, ਸ੍ਰ. ਦਿਲਬਰ ਖਾਨ, ਸ੍ਰ. ਜਸਵਿੰਦਰ ਸਿੰਘ ਭੰਮਰਾ, ਸ੍ਰ. ਦਰਸ਼ਨ ਸਿੰਘ, ਸ੍ਰ. ਬਲਜਿੰਦਰ ਸਿੰਘ, ਸ੍ਰ. ਮੱਖਣ ਸਿੰਘ ਅਤੇ ਪਿੰਡ ਦੇ ਹੋਰ ਵਸਨੀਕ ਹਾਜ਼ਿਰ ਸਨ|

Leave a Reply

Your email address will not be published. Required fields are marked *