ਗੁ: ਸਿੰਘ ਸ਼ਹੀਦਾਂ ਵਿਖੇ ਅਤਿ ਆਧੁਨਿਕ ਟਾਇਲਟ ਬਲਾਕ ਅਤੇ ਇਸ਼ਨਾਨ ਘਰ ਦਾ ਲੈਂਟਰ ਪਾਇਆ

ਐਸ ਏ. ਐਸ ਨਗਰ, 19 ਅਪ੍ਰੈਲ (ਸ.ਬ.) ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਦੇ ਚੱਲ ਰਹੇ ਮਹਾਨ ਕੁੰਭ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤਿੰਨ ਮੰਜਿਲੇ ਬਣਨ ਵਾਲੇ ਅਤਿ ਆਧੁਨਿਕ ਟਾਇਲਟ ਬਲਾਕ ਅਤੇ ਇਸ਼ਨਾਨ ਘਰ ਦੀ ਦੂਜੀ ਮੰਜਿਲ ਦਾ ਲੈਂਟਰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਪਾਇਆ ਗਿਆ| ਲੈਂਟਰ ਦੀ ਅਰੰਭਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਂਦੇ ਹੋਏ, ਪੰਜ ਪਿਆਰਿਆਂ ਵੱਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਸਵੇਰੇ 10:00 ਵਜੇ ਕੀਤੀ ਗਈ|  ਬਹੁਤ ਜਿਆਦਾ ਗਰਮੀ ਹੋਣ ਦੇ ਬਾਵਜੂਦ, ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਤੇ ਉਤਸ਼ਾਹ ਵੇਖਣ ਯੋਗ ਸੀ| ਸੰਗਤਾਂ ਸੇਵਾ ਦੇ ਨਾਲ ਨਾਲ ਉੱਚੀ ਆਵਾਜ ਵਿੱਚ ‘ਸਤਿਨਾਮ ਸ੍ਰੀ ਵਾਹਿਗੁਰੂ’ ਨਾਮ ਦਾ ਜਾਪ ਕਰ ਰਹੀਆਂ ਸਨ| ਇਸ ਮੌਕੇ ਤੇ ਨੌਜਵਾਨਾਂ ਦੇ ਨਾਲ ਨਾਲ ਬਜੁਰਗਾਂ ਨੇ ਵੀ ਚੱਲ ਰਹੀ ਕਾਰਸੇਵਾ ਵਿੱਚ ਆਪਣਾ ਯੋਗਦਾਨ ਪਾਇਆ| ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਮਠਿਆਈਆਂ ਅਤੇ ਦੁੱਧ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ| ਇਸ ਮੌਕੇ ਤੇ ਕਈ ਸੰਤ ਮਹਾਂਪੁਰਖ, ਸਿਆਸੀ ਆਗੂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਚੇਚੇ ਤੌਰ ਤੇ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪੁੱਜੇ ਹੋਏ ਸਨ|
ਇਸ ਮੌਕੇ ਪ੍ਰਬੰਧਕ ਕਮੇਟੀ ਗੁ: ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਗੁ: ਸਾਹਿਬ ਜੀ ਵਿਖੇ ਬਣ ਰਹੇ ਤਿੰਨ ਮੰਜਿਲੇ ਆਲੀਸ਼ਾਨ ਟਾਈਲਟ ਬਲਾਕ ਅਤੇ ਇਸ਼ਨਾਨ ਘਰ ਦੀ ਕਾਰ ਸੇਵਾ, ਕਾਰ ਸੇਵਾ ਦੇ ਪੁੰਜ ਸੱਚ ਖੰਡ ਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਉੱਚ ਕੋਟੀ ਦੇ ਆਰਕੀਟੈਕਟਾਂ ਅਤੇ ਇੰਜਨੀਅਰਾਂ ਦੀ ਦੇਖ ਰੇਖ ਵਿੱਚ ਕਰਵਾਈ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਗੁ: ਸਾਹਿਬ ਦੇ ਨਵੇਂ ਬਣ ਰਹੇ ਸ੍ਰੀ ਦਰਬਾਰ ਸਾਹਿਬ ਜੀ ਦੇ ਪੂਰੇ ਗੁੰਬਦ ਦੇ ਉੱਪਰ ਵੀ ਮਹਾਂਪੁਰਖਾਂ ਦੇ ਬਚਨਾਂ ਅਨੁਸਾਰ ਸੋਨਾ ਚੜਾਉਣ ਦੀ ਸੇਵਾ ਅਰੰਭ ਹੈ|

Leave a Reply

Your email address will not be published. Required fields are marked *