ਗੈਂਗਸਟਰਾਂ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ

ਖਰੜ, 25 ਜੁਲਾਈ (ਸ਼ਮਿੰਦਰ ਸਿੰਘ) ਪੰਜਾਬ ਪੁਲੀਸ ਦੇ     ਆਰਗੇਨਾਈਜਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਵਲੋਂ ਬੀਤੇ ਕੱਲ ਸੰਨੀ ਇਨਕਲੇਵ ਦੇ ਜਲਵਾਯੂ ਵਿਹਾਰ ਦੇ ਪਿਛਲੇ ਪਾਸੇ ਬਣੇ ਅਮਨ ਹੋਮਜ਼ ਦੇ ਇੱਕ ਫਲੈਟ ਵਿੱਚ ਛਾਪੇਮਾਰੀ ਕਰਕੇ ਉੱਥੇ ਹੋਏ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਗੈਂਗਸਟਰ ਨਵਦੀਪ ਸਿੰਘ ਉਰਫ ਜਾਨ ਬੁੱਟਰ ਦੇ ਨਾਲ ਫੜੇ ਗਏ ਉਸਦੇ ਸਾਥੀਆਂ ਕੁਲਵਿੰਦਰ ਸਿੰਘ ਕਿੰਦਾ, ਪਰਵਿੰਦਰ ਸਿੰਘ ਪਿੰਦਾ, ਅਮਰੀਕ ਸਿੰਘ ਅਤੇ ਅਮ੍ਰਿਤਪਾਲ ਸਿੰਘ ਨੂੰ ਥਾਣਾ ਸਦਰ ਦੀ ਪੁਲੀਸ ਵਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦਾ ਰਿਮਾਂਡ ਮੰਗਿਆ ਗਿਆ ਜਿਸਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਇਹਨਾਂ ਗੈਂਗਸਟਰਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ             ਭੇਜ ਦਿੱਤਾ ਗਿਆ ਹੈ| 
ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਸੰਨੀ ਇਨਕਲੇਵ ਵਿੱਚ ਹੋਏ ਪੁਲੀਸ ਮੁਕਾਬਲੇ ਦੌਰਾਨ ਦੋਵਾਂ ਪਾਸਿਓਂ ਹੋਈ ਗੋਲਾਬਾਰੀ ਦੌਰਾਨ ਗੈਂਗਸਟਰ ਨਵਦੀਪ ਸਿੰਘ ਉਰਫ ਜਾਨ ਬੁੱਟਰ ਦੀ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਉਸਨੂੰ ਪੀ ਜੀ ਆਈ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਦੋਂਕਿ ਉਸਦੇ ਚਾਰ ਸਾਥੀ ਪੁਲੀਸ ਨੇ ਕਾਬੂ ਕਰ ਲਏ ਸਨ| ਇਹਨਾਂ ਗੈਂਗਸਟਰਾਂ ਕੋਲੋ 6 ਰਿਵਾਲਵਰ ਵੀ ਬਰਾਮਦ ਹੋਏ ਸਨ| ਇਸ ਸੰਬੰਧੀ ਖਰੜ ਦੇ ਥਾਣਾ ਸਦਰ ਵਿੱਚ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 307, 353, 186, 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ| ਇਸ ਸੰਬੰਧੀ ਥਾਣਾ ਸਦਰ ਦੀ ਪੁਲੀਸ ਪਾਰਟੀ ਮਾਮਲੇ ਦੇ ਜਾਂਚ ਅਧਿਕਾਰੀ ਜੀਵਨ ਸਿੰਘ ਦੀ ਅਗਵਾਈ ਵਿੱਚ ਮੁਲਜਮਾਂ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਗਈ ਜਿੱਥੋਂ ਪੁਲੀਸ ਟੀਮ ਇਹਨਾਂ ਨੂੰ ਮਾਣਯੋਗ ਜੱਜ ਦੇ ਘਰ ਲੈ ਗਈ ਜਿੱਥੇ ਪੁਲੀਸ ਵਲੋਂ ਇਹਨਾਂ ਨੂੰ ਜੱਜ ਸਾਹਿਬ ਦੇ ਅੱਗੇ ਪੇਸ਼ ਕੀਤਾ ਗਿਆ| 

Leave a Reply

Your email address will not be published. Required fields are marked *