ਗੈਂਗਸਟਰ ਦਿਲਪ੍ਰੀਤ ਨੇ ਪੁਰਾਣੇ ਦੁਸ਼ਮਣ ਪਿੰਡਰੀ ਤੇ ਕਰਨਾ ਸੀ ਹਮਲਾ

ਗੈਂਗਸਟਰ ਦਿਲਪ੍ਰੀਤ ਨੇ ਪੁਰਾਣੇ ਦੁਸ਼ਮਣ ਪਿੰਡਰੀ ਤੇ ਕਰਨਾ ਸੀ ਹਮਲਾ
ਪੜਤਾਲ ਵਿੱਚ ਮੰਨਿਆ ਕਿ ਏਕੇ-47 ਰਾਈਫਲਾਂ ਕਰ ਲਈਆਂ ਸੀ ਹਾਸਿਲ

ਦਿਲਪ੍ਰੀਤ ਢਾਹਾ ਦਾ ਨਵਾਂ ਖੁਲਾਸਾ
ਐਸ ਏ ਐਸ ਨਗਰ, 17 ਜੁਲਾਈ (ਸ.ਬ.) ਗੈਂਗਸਟਰ ਦਿਲਪ੍ਰੀਤ ਢਾਹਾ ਦੀ ਗ੍ਰਿਫਤਾਰੀ ਤੋਂ ਬਾਅਦ ਰੋਜਾਨਾ ਹੀ ਇਕ-ਇਕ ਕਰ ਕੇ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ| ਢਾਹਾ ਨੇ ਪੁਲੀਸ ਕੋਲ ਮੰਨਿਆ ਹੈ ਕਿ ਉਸ ਨੇ ਆਪਣੇ ਪੁਰਾਣੇ ਅਤੇ ਸਕੂਲ ਸਮੇਂ ਦੇ ਦੁਸ਼ਮਣ ਪਿੰਡਰੀ ਕੋਲੋਂ ਬਦਲਾ ਲੈਣ ਲਈ ਯੋਜਨਾ ਬਣਾਈ ਸੀ| ਪਿੰਡਰੀ ਇਸ ਵੇਲੇ ਰੋਪੜ ਜੇਲ੍ਹ ਵਿੱਚ ਨਜਰਬੰਦ ਹੈ| ਪੁਲੀਸ ਸੂਤਰਾਂ ਦੀ ਮੰਨੀਏ ਤਾਂ ਦਿਲਪ੍ਰੀਤ ਇਹ ਵੀ ਮੰਨ ਰਿਹਾ ਹੈ ਕਿ ਉਸ ਨੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਏਕੇ -47 ਰਾਈਫਲਾਂ ਵੀ ਹਾਸਿਲ ਕਰ ਲਈਆਂ ਸਨ| ਢਾਹਾ ਦੇ ਨਵੇਂ ਖੁਲਾਸੇ ਤੋਂ ਬਾਅਦ ਪੁਲੀਸ ਇਸ ਮਾਮਲੇ ਵਿੱਚ ਨਾਮਜਦ ਲੋਕਾਂ ਦੀ ਭਾਲ ਵਿੱਚ ਜੁਟ ਗਈ ਹੈ ਕਿਹਾ ਜਾ ਰਿਹਾ ਹੈ ਕਿ ਪੁਲੀਸ ਹੁਣ ਉਨ੍ਹਾਂ ਲੋਕਾਂ ਦੀ ਭਾਲ ਵਿੱਚ ਹੈ ਜਿਨ੍ਹਾਂ ਤੋਂ ਦਿਲਪ੍ਰੀਤ ਨੇ ਹਥਿਆਰ ਹਾਸਿਲ ਕੀਤੇ ਹਨ|
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਢਾਹਾਂ ਦੇ ਗਿਰੋਹ ਦੇ ਮੈਂਬਰ ਉਸ ਹਮਲੇ ਲਈ ਅਸਲਾ ਤੇ ਗੋਲੀ-ਸਿੱਕਾ ਖ਼ਰੀਦ ਰਹੇ ਸਨ| ਉਂਝ ਇਹ ਹਾਲੇ ਪੱਕਾ ਪਤਾ ਲਾਉਣਾ ਬਾਕੀ ਹੈ ਕਿ ਕੀ ਗੈਂਗਸਟਰ ਕੋਲ ਸੱਚਮੁਚ ਰਾਈਫ਼ਲਾਂ ਸਨ ਜਾਂ ਨਹੀਂ| ਹਾਲਾਂਕਿ ਇਹ ਗੱਲ ਕਈ ਟੀਵੀ ਇੰਟਰਵਿਊਜ ਵਿੱਚ ਦਿਲਪ੍ਰੀਤ ਦੀ ਮਾਤਾ ਵੀ ਬਿਆਨ ਕਰ ਚੁੱਕੀ ਹੈ ਕਿ ਪਿੰਡਰੀ ਕਾਰਨ ਦਿਲਪ੍ਰੀਤ ਜੁਰਮ ਦੀ ਰਾਹ ਤੇ ਪਿਆ ਹੈ|
ਇੱਕ ਜਾਂਚ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ,”ਦਿਲਪ੍ਰੀਤ ਨੇ ਦੱਸਿਆ ਹੈ ਕਿ ਰੋਪੜ ਜੇਲ੍ਹ ਵਿੱਚ ਇਸ ਵੇਲੇ ਕੈਦ ਇੱਕ ਹੋਰ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਰੀ ਨਾਲ ਉਸ ਦੀ ਪੁਰਾਣੀ ਦੁਸ਼ਮਣੀ ਰਹੀ ਹੈ| ਉਸ ਨਾਲ ਉਸ ਨੇ ਕਈ ਹਿਸਾਬ-ਕਿਤਾਬ ਨਿਬੇੜਨ ਬਾਰੇ ਯੋਜਨਾ ਉਲੀਕੀ ਹੋਈ ਸੀ| ਇਹ ਦੋਵੇਂ ਢਾਹਾਂ ਪਿੰਡ ਦੇ ਹੀ ਹਨ ਤੇ ਪਿੰਡਰੀ ਨੇ ਪਹਿਲਾਂ ਕਿਸੇ ਵੇਲੇ ਦਿਲਪ੍ਰੀਤ ਤੇ ਹਮਲਾ ਕੀਤਾ ਸੀ| ਪੁਲੀਸ ਨੂੰ ਹੁਣ ਗੈਂਗਸਟਰ ਵੱਲੋਂ ਪੜਤਾਲ ਵਿੱਚ ਮੰਨੀਆਂ ਅਸਾਲਟ ਰਾਈਫ਼ਲਾਂ ਦੀ ਭਾਲ਼ ਹੈ ਇਸ ਲਈ ਦਿਲਪ੍ਰੀਤ ਦੇ ਕਈ ਅਹਿਮ ਠਿਕਾਣਿਆਂ ਤੇ ਛਾਪੇਮਾਰੀ ਕੀਤੇ ਜਾਣ ਦੀ ਖਬਰ ਵੀ ਹੈ| ਪਿੰਡਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਕਈ ਅਪਰਾਧਕ ਮਾਮਲੇ ਦਰਜ ਹਨ| ਉਹ ਜ਼ਿਆਦਾਤਰ ਰੋਪੜ ਤੇ ਨੂਰਪੁਰ ਬੇਦੀ ਇਲਾਕੇ ਵਿੱਚ ਸਰਗਰਮ ਰਿਹਾ ਹੈ| ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਮਦਦ ਕੀਤੀ ਸੀ, ਜੋ ਇਸ ਵੇਲੇ ਜੋਧਪੁਰ ਦੀ ਜੇਲ੍ਹ ਵਿੱਚ ਕੈਦ ਹੈ| ਉਹ 17ਜਨਵਰੀ, 2015 ਨੂੰ ਰੋਪੜ ਪੁਲੀਸ ਦੀ ਹਿਰਾਸਤ ਵਿੱਚੋਂ ਛੁੱਟ ਕੇ ਫ਼ਰਾਰ ਹੋ ਗਿਆ ਸੀ|
ਪੁਲੀਸ ਨੂੰ ਇਹ ਵੀ ਸ਼ੱਕ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਤੋਂ ਜਿਹੜੀ ਸ਼ੁੱਧ ਹੈਰੋਇਨ ਬਰਾਮਦ ਹੋਈ ਹੈ, ਉਹ ਪਾਕਿਸਤਾਨ ਤੋਂ ਆਉਂਦੀ ਸੀ| ਫਿਰ ਉਹ ਪੰਜਾਬ ਤੇ ਹਰਿਆਣਾ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਬਹੁਤ ਮਹਿੰਗੇ ਭਾਅ ਵੇਚੀ ਜਾਂਦੀ ਸੀ ਕਿਉਂਕਿ ਇਸ ਦਾ ਅਸਰ ਬਹੁਤ ਜ਼ਿਆਦਾ ਤਿੱਖਾ ਹੁੰਦਾ ਹੈ|

Leave a Reply

Your email address will not be published. Required fields are marked *