ਗੈਰਕਾਨੂੰਨੀ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ

ਪਿਛਲੇ ਕੁੱਝ ਦਿਨਾਂ ਤੋਂ ਸਥਾਨਕ ਪ੍ਰਸ਼ਾਸ਼ਨ ਦਾ ਪੂਰਾ ਧਿਆਨ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਅਮਲ ਨੂੰ ਠੀਕ ਢੰਗ ਨਾਲ ਮੁਕੰਮਲ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਵੱਲ ਹੀ ਲੱਗਿਆ ਹੋਇਆ ਹੈ ਅਤੇ ਇਸ ਦੌਰਾਨ ਬਾਕੀ ਦੇ ਕੰਮਾਂ ਕਾਰਾਂ ਤੋਂ ਪ੍ਰਸ਼ਾਸ਼ਨ ਦਾ ਧਿਆਨ ਕਾਫੀ ਹੱਦ ਤਕ ਹਟ ਗਿਆ ਹੈ| ਇਸ ਦੌਰਾਨ ਚੋਣ ਕਮਿਸ਼ਨ ਵਲੋਂ ਆਦਰਸ਼ ਚੋਣ ਜਾਬਤੇ ਦੀ ਕਾਰਵਾਈ ਨੂੰ ਲਾਗੂ ਕਰਵਾਉਣ ਲਈ ਵਰਤੀ ਜਾ ਰਹੀ ਸਖਤੀ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀ ਕਿਸੇ ਕਿਸਮ ਦਾ ਰਿਸਕ ਲੈਣ ਲਈ ਤਿਆਰ ਨਹੀਂ ਹਨ ਅਤੇ ਪ੍ਰਸ਼ਾਸ਼ਨ ਦੀ ਇਸ ਮਸਰੂਫੀਅਤ ਦਾ ਫਾਇਦਾ ਅਜਿਹੇ ਅਨਸਰਾਂ ਵਲੋਂ ਚੁੱਕਿਆ ਜਾ ਰਿਹਾ ਹੈ ਜਿਹਨਾਂ ਵਲੋਂ ਜਨਤਕ ਥਾਵਾਂ ਤੇ ਨਾਜਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਫੜੀਆਂ ਲਗਾਈਆਂ ਜਾ ਰਹੀਆਂ ਹਨ|
ਸਾਡੇ ਸ਼ਹਿਰ ਵਿੱਚ ਪਿਛਲੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੇ ਅਜਿਹੀਆਂ ਕੁੱਝ ਫੜੀਆਂ ਲੱਗਣ ਲੱਗ ਗਈਆਂ ਹਨ ਜਿਹਨਾਂ ਰਾਂਹੀ ਆਮ ਲੋਕਾਂ ਨੂੰ ਜਨਤਕ ਤੌਰ ਤੇ ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਅਜਿਹਾ ਹੋਰ ਸਾਜੋ ਸਾਮਾਨ ਵੇਚਿਆ ਜਾਂਦਾ ਹੈ| ਅਜਿਹੀਆਂ ਜਿਆਦਾਤਰ ਫੜੀਆਂ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਦੇ ਨੇੜੇ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸੜਕਾਂ ਕਿਨਾਰੇ ਚਾਹ ਆਦਿ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਹੀ ਲਗਾਈਆਂ ਜਾਂਦੀਆਂ ਹਨ| ਇਸਤੋਂ ਇਲਾਵਾ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਪਹਿਲਾਂ ਤੋਂ ਹੀ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਅਣਅਧਿਕਾਰਤ ਦੁਕਾਨਾਂ (ਫੜੀਆਂ) ਲੱਗਦੀਆਂ ਆ ਰਹੀਆਂ ਹਨ ਪਰੰਤੂ ਪ੍ਰਸ਼ਾਸ਼ਨ ਅਜਿਹੀਆਂ ਫੜੀਆਂ ਤੇ ਕਾਬੂ ਕਰਨ ਵਿੱਚ ਨਾਕਾਮ ਸਾਬਿਤ ਹੋਇਆ ਹੈ|
ਸ਼ਹਿਰ ਵਿੱਚ ਅਣਅਧਿਕਾਰਤ ਢੰਗ ਨਾਲ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਦਾ ਇਹ ਕੰਮ ਪੂਰੀ ਤਰ੍ਹਾਂ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਹੇਠ ਆਉਂਦਾ ਹੈ| ਕਾਨੂੰਨ ਅਨੁਸਾਰ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਲਈ ਪ੍ਰਸ਼ਾਸ਼ਨ ਕੋਲੋਂ ਬਾਕਾਇਦਾ ਲਾਈਸੰਸ ਹਾਸਿਲ ਕਰਨਾ ਜਰੂਰੀ ਹੈ ਅਤੇ ਅਜਿਹਾ ਨਾ ਕਰਨ ਤੇ ਇਹ ਸਾਮਾਨ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਹੀ ਹੋ ਸਕਦੀ ਹੈ| ਜਾਹਿਰ ਹੈ ਕਿ ਪ੍ਰਸ਼ਾਸ਼ਨ ਵਲੋਂ ਜਨਤਕ ਥਾਂ ਤੇ ਨਾਜਾਇਜ ਕਬਜਾ ਕਰਕੇ ਚਲਾਈਆਂ ਜਾਂਦੀਆਂ ਅਜਿਹੀਆਂ ਫੜੀਆਂ ਲਈ ਲਾਈਸੰਸ ਤਾਂ ਜਾਰੀ ਹੋ ਨਹੀਂ ਸਕਦਾ ਅਤੇ ਇਹ ਸਾਰੀਆਂ ਹੀ ਦੁਕਾਨਾਂ (ਫੜੀਆਂ) ਗੈਰਕਾਨੂੰਨੀ ਤਰੀਕੇ ਨਾਲ ਹੀ ਚਲਾਈਆਂ ਜਾਂਦੀਆਂ ਹਨ|
ਤੰਬਾਕੂਨੋਸ਼ੀ ਦਾ ਇਹ ਸਾਮਾਨ ਵੇਚਣ ਵਾਲ ਇਹਨਾਂ ਦੁਕਾਨਦਾਰਾਂ (ਫੜੀਆਂ ਵਾਲਿਆਂ) ਵਿੱਚੋਂ 90 ਫੀਸਦੀ ਤੋਂ ਵੱਧ ਪ੍ਰਵਾਸੀ ਹਨ ਜਿਹਨਾਂ ਵਲੋਂ ਇਹ ਜਾਹਿਰ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਤੰਬਾਕੂ ਐਕਟ ਦੀ ਕੋਈ ਜਾਣਕਾਰੀ ਹੀ ਨਹੀਂ ਹੈ ਅਤੇ ਉਹ ਤਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਦੀ ਮਜਬੂਰੀ ਕਾਰਨ ਹੀ ਇਹ ਕੰਮ ਕਰਦੇ ਹਨ|ਹਰ ਤਾਂ ਹੋਰਇਹਨਾਂ ਫੜੀਆਂ ਤ ਔਰਤਾਂ ਅਤੇ ਬੰਚੇ ਵੀ ਇਹ ਸਾਮਾਨ ਵੇਦੇ ਦਿਖ ਜਾਂਦੇ ਹਨ ਜਿਹੜੇ ਪੁੱਛਣ ਤੇ ਆਪਣੀ ਗਰੀਬੀ ਦਾ ਰੋਣਾ ਰੋ ਕੇ ਆਮ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਅਤੇ ਆਪਣੀ ਇਸ ਕਾਰਵਾਈ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ|
ਸਥਾਨਕ ਪ੍ਰਸ਼ਾਸ਼ਨ ਵਲੋਂ ਅਣਿਅਧਿਕਾਰਤ ਤੌਰ ਤੇ ਚਲਦੀਆਂ ਤੰਬਾਕੂਨੋਸ਼ੀ ਦੇ ਸਮਾਨ ਦੀਆਂ ਇਹਨਾਂ ਦੁਕਾਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਣ ਅਜਿਹੇ ਦੁਕਾਨਦਾਰਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ| ਜਨਤਕ ਥਾਵਾਂ ਤੇ ਖੁੱਲੀਆਂ ਇਹਨਾਂ ਅਣਅਧਿਕਾਰਤ ਦੁਕਾਨਾਂ ਦੇ ਆਸਪਾਸ ਲੋਕਾਂ ਨੂੰ ਸਿਗਰੇਟ ਬੀੜੀ ਦੇ ਕਸ਼ ਲਗਾਉਂਦਿਆਂ ਅਤੇ ਆਸਪਾਸ ਦੇ ਵਾਤਾਵਰਣ ਵਿੱਚ ਤੰਬਾਕੂ ਦਾ ਜਹਿਰੀਲਾ ਧੂਆਂ ਛੱਡਦਿਆਂ ਵੀ ਵੇਖਿਆ ਜਾ ਸਕਦਾ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦੇ ਸਾਮਾਨ ਦੀਆਂ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇ| ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿੱਚ ਖੁੱਲੇਆਮ ਹੁੰਦੀ ਹਲਕੇ ਜਹਿਰ ਦੀ ਵਿਕਰੀ ਦੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ|

Leave a Reply

Your email address will not be published. Required fields are marked *