ਗੋਧਰਾ ਕਾਂਡ ਸਬੰਧੀ ਹਾਈਕੋਰਟ ਦੇ ਫੈਸਲੇ  ਉਪਰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ

ਬਹੁਚਰਚਿਤ ਗੋਧਰਾ ਕਾਂਡ ਦੇ ਲਗਭਗ 16 ਸਾਲ ਬਾਅਦ ਗੁਜਰਾਤ ਹਾਈਕੋਰਟ ਨੇ ਇਸ ਮਾਮਲੇ ਵਿੱਚ ਜੋ ਫੈਸਲਾ ਦਿੱਤਾ ਹੈ, ਉਸ ਉਤੇ ਪੂਰੇ ਦੇਸ਼ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ| 27 ਫਰਵਰੀ 2002 ਨੂੰ ਗੋਧਰਾ ਵਿੱਚ ਸਾਬਰਮਤੀ ਐਕਸਪ੍ਰੈਸ ਦੇ ਇੱਕ ਡਿੱਬੇ ਵਿੱਚ ਅੱਗ ਲਗਾ ਕੇ 59 ਵਿਅਕਤੀਆਂ ਨੂੰ ਜਿੰਦਾ ਸਾੜ ਦੇਣ  ਦੇ ਇਸ ਮਾਮਲੇ ਵਿੱਚ ਕੁਲ 130 ਲੋਕਾਂ ਨੂੰ ਦੋਸ਼ ਬਣਾਇਆ ਗਿਆ ਸੀ, ਜਿਨ੍ਹਾਂ ਵਿਚੋਂ 94 ਉਤੇ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ|  ਮਾਮਲੇ ਨੂੰ ਲੈ ਕੇ ਗਠਿਤ ਵਿਸ਼ੇਸ਼ ਅਦਾਲਤ ਨੇ 2011 ਵਿੱਚ ਦਿੱਤੇ ਆਪਣੇ ਫੈਸਲੇ ਵਿੱਚ ਇਹਨਾਂ ਵਿਚੋਂ 63 ਲੋਕਾਂ ਨੂੰ ਬਰੀ ਕਰ ਦਿੱਤਾ ਸੀ, ਜਦੋਂ ਕਿ 20 ਨੂੰ ਉਮਰਕੈਦ ਅਤੇ 11 ਨੂੰ ਫ਼ਾਂਸੀ ਦੀ ਸਜਾ ਸੁਣਾਈ ਸੀ| ਗੁਜਰਾਤ ਸਰਕਾਰ ਅਤੇ ਗੋਧਰਾ ਕਾਂਡ ਦੀ ਜਾਂਚ ਕਰਨ ਵਾਲੀ ਐਸਆਈਟੀ ਨੇ ਹਾਈਕੋਰਟ ਵਿੱਚ ਨਾ ਸਿਰਫ 63 ਲੋਕਾਂ ਨੂੰ ਬਰੀ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਬਲਕਿ ਉਮਰ ਕੈਦ ਦੀ ਸਜਾ ਨੂੰ ਵੀ ਫ਼ਾਂਸੀ ਵਿੱਚ ਬਦਲਨ ਦੀ ਮੰਗ ਕੀਤਾ ਸੀ|
ਹਾਈਕੋਰਟ ਨੇ ਫ਼ਾਂਸੀ ਦੀ ਸਜਾ ਨੂੰ ਉਮਰਕੈਦ ਵਿੱਚ ਬਦਲ ਦਿੱਤਾ ਅਤੇ ਵਿਸ਼ੇਸ਼ ਅਦਾਲਤ ਦੇ ਬਾਕੀ ਫੈਸਲੇ ਨੂੰ ਜਿਉਂ ਦਾ ਤਿਉਂ ਰਹਿਣ ਦਿੱਤਾ| ਆਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਦੇਸ਼ ਵਿੱਚ ਦੋ ਘਟਨਾਵਾਂ ਅਜਿਹੀਆਂ ਹੋਈਆਂ, ਜੋ ਕਤਲੇਆਮ  ਵਰਗੇ ਰਾਸ਼ਟਰੀ ਕਲੰਕ ਦਾ ਟਰਿਗਰ ਪਾਇੰਟ ਬਣੀਆਂ| ਇੱਕ ਸੀ 1984 ਵਿੱਚ ਉਸ ਸਮੇਂ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ ਦੂਜੀ ਗੋਧਰਾ ਕਾਂਡ| ਸਮਾਜ ਵਿੱਚ ਵੱਡੇ ਪੈਮਾਨੇ ਉਤੇ ਹਿਸਟੀਰਿਆ ਦੇ ਹਾਲਾਤ ਪੈਦਾ ਕਰ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਹੋਰ ਆਧੁਨਿਕ ਸਮਾਜਾਂ ਵਿੱਚ ਵੀ ਵੇਖੀਆਂ ਗਈਆਂ ਹਨ,ਪਰੰਤੂ ਸਭਿਅਤਾ ਦਾ ਤਕਾਜਾ ਇਹੀ ਹੈ ਕਿ ਭਾਵਨਾਵਾਂ ਸ਼ਾਂਤ ਹੋਣ ਤੋਂ ਬਾਅਦ ਸ਼ਾਸਨ ਵਿਵਸਥਾ ਅਤੇ ਨਿਆਂ ਤੰਤਰ ਇਹਨਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਤੱਤਾਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਨੂੰ ਅਜਿਹੀ  ਸਖਮ ਸਜਾ ਯਕੀਨੀ ਕਰੇ, ਜੋ ਅੱਗੇ ਲਈ ਮਿਸਾਲ ਮੰਨੀ ਜਾਵੇ|
ਇਸ ਕਸੌਟੀ ਉਤੇ ਦੋਵਾਂ ਹੀ ਮਾਮਲਿਆਂ ਵਿੱਚ ਸਾਡਾ ਰਿਕਾਰਡ ਚੰਗਾ ਨਹੀਂ ਕਿਹਾ ਜਾਵੇਗਾ| ਨਾ ਤਾਂ 84 ਦੇ ਦੰਗਿਆਂ ਦੇ ਸਰਗਨਾ ਅੱਜ ਤੱਕ ਮਿਸਾਲੀ ਸਜਾ ਪਾ ਸਕੇ,  ਨਾ ਹੀ ਗੋਧਰਾ ਕਾਂਡ ਅਤੇ ਉਸ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਭੜਕੇ ਦੰਗਿਆਂ ਦੇ ਦੋਸ਼ੀਆਂ ਨੂੰ ਉਨ੍ਹਾਂ  ਦੇ  ਘਿਣਾਉਣੇ ਕੰਮ ਲਈ ਉਨ੍ਹਾਂ ਦੇ ਆਖਰੀ ਅੰਜਾਮ ਤੱਕ ਪਹੁੰਚਾਇਆ ਜਾ ਸਕਿਆ| ਦੋਵਾਂ ਮਾਮਲਿਆਂ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦੀ ਭੂਮਿਕਾ ਢਿੱਲੀ – ਢਾਲੀ ਰਹੀ|  ਗੋਧਰਾ ਕਾਂਡ  ਦੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਲਈ ਅਦਾਲਤ ਨੂੰ ਪੁਖਤਾ ਸਬੂਤਾਂ ਦੀ ਜ਼ਰੂਰਤ ਸੀ| ਪਰੰਤੂ ਅਭਿਯੋਜਨ ਪੱਖ ਦੇ ਕੰਮ ਦੀ ਗੁਣਵੱਤਾ ਇਸ ਗੱਲ ਤੋਂ ਪਰਖੀ ਜਾ ਸਕਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਵਿਸ਼ੇਸ਼ ਅਦਾਲਤ ਨੇ ਅਤੇ ਫਿਰ ਹਾਈਕੋਰਟ ਨੇ ਵੀ ਬਾਇੱਜਤ ਬਰੀ ਕਰਨ ਲਾਇਕ ਮੰਨਿਆ, ਉਨ੍ਹਾਂ ਵਿੱਚ ਇੱਕ ਨਾਮ ਮੌਲਾਨਾ ਉਮਰਜੀ ਦਾ ਵੀ ਹੈ, ਜਿਸ ਨੂੰ ਪੁਲੀਸ ਨੇ ਮਾਸਟਰਮਾਇੰਡ ਦੱਸਿਆ ਸੀ|
ਵਰਿੰਦਰ ਸਿੰਘ

Leave a Reply

Your email address will not be published. Required fields are marked *