ਗੋਬਿੰਦ ਸਿੰਘ ਲੌਂਗੋਵਾਲ ਬਣੇ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ, ਅਮਰੀਕ ਸਿੰਘ ਸ਼ਾਹਪੁਰ ਨੂੰ ਵੱਡੇ ਫਰਕ ਨਾਲ ਹਰਾਇਆ

ਅੰਮ੍ਰਿਤਸਰ , 29 ਨਵੰਬਰ (ਸ.ਬ.) ਸਿੱਖਾਂ ਦੀ ਮਿਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਅੱਜ ਇੱਥੇ ਹੋਈ ਚੋਣ ਵਿੱਚ ਸਾਬਕਾ ਵਿਧਾਇਕ ਸ੍ਰ. ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਚੁਣ ਲਿਆ ਗਿਆ| ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੋਟਾਂ ਪਾ ਕੇ ਹੋਈ| ਮੀਟਿੰਗ ਵਿੱਚ ਚੋਣ ਅਮਲ ਦੀ ਸ਼ੁਰੂਆਤ ਵੇਲੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਵਲੋਂ ਸਾਬਕਾ ਵਿਧਾਇਕ ਅਤੇ ਸੰਤ ਹਰਚੰਦ ਸਿੰਘ ਦੇ ਡ੍ਰਾਈਵਰ ਰਹੇ ਸ੍ਰ. ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਅਤੇ ਭਾਈ ਮਨਜੀਤ ਸਿੰਘ ਵਲੋਂ ਉਹਨਾਂ ਦਾ ਸਮਰਥਨ ਕੀਤਾ ਗਿਆ| ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਵਲੋਂ ਬਣਾਏ ਪੰਥਕ ਫਰੰਟ ਵਲੋਂ ਸ੍ਰ. ਜਸਵੰਤ ਸਿੰਘ ਪੁੜੈਣ ਨੇ ਪ੍ਰਧਾਨਗੀ ਦੇ ਅਹੁਦੇ ਲਈ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ| ਜਿਸ ਤੋਂ ਬਾਅਦ ਇਸ ਅਹੁਦੇ ਦੀ ਚੋਣ ਲਈ ਵੋਟਾਂ ਪਾਉਣ ਦੀ ਸਥਿਤੀ ਬਣ ਗਈ| ਇਸ ਮੌਕੇ ਹਾਜਿਰ ਮੈਂਬਰਾਂ ਵਿਚੋਂ ਮੁਹਾਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਹਰਦੀਪ ਸਿੰਘ ਨੇ ਉਹਨਾਂ ਵਲੋਂ ਲਿਖਤੀ ਦਿੱਤੇ ਗਏ ਪੰਥਕ ਮੁੱਦਿਆਂ ਬਾਰੇ ਉਹਨਾਂ ਨੂੰ ਬੋਲਣ ਲਈ ਸਮਾਂ ਨਾ ਦੇਣ ਦੇ ਵਿਰੋਧ ਵਿੱਚ ਵੋਟਿੰਗ ਵਿੱਚ ਭਾਗ ਨਹੀਂ ਲਿਆ| ਜਦੋਂਕਿ 169 ਮੈਂਬਰਾਂ ਵਲੋਂ ਪਾਈਆਂ ਵੋਟਾਂ ਵਿੱਚ ਸ੍ਰ. ਗੋਬਿੰਦ ਸਿੰਘ ਲੌਂਗੋਵਾਲ ਨੂੰ 154 ਅਤੇ ਸ੍ਰ. ਅਮਰੀਕ ਸਿੰਘ ਸ਼ਾਹਪੁਰ ਨੂੰ 15 ਵੋਟਾਂ ਮਿਲੀਆਂ ਜਿਸ ਤੋਂ ਬਾਅਦ ਸ੍ਰ. ਲੋਂਗੋਵਾਲ ਨੂੰ ਜੇਤੂ ਐਲਾਨ ਗਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ|
ਇਸ ਮੌਕੇ ਸ੍ਰ. ਰਘੂਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਹਰਪਾਲ ਸਿੰਘ ਜੱਲਾ ਨੂੰ ਮੀਤ ਪ੍ਰਧਾਨ ਅਤੇ ਸ੍ਰ. ਗੁਰਬਚਨ ਸਿੰਘ ਕਰਮੂਵਾਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ|

Leave a Reply

Your email address will not be published. Required fields are marked *