ਗੋਰਾ ਹੁਸ਼ਿਆਰਪੁਰੀ ਦਾ ਕਾਵਿ ਸੰਗ੍ਰਹਿ ‘ਤਲਾਸ਼’ ਰਿਲੀਜ਼

ਐਸ ਏ ਐਸ ਨਗਰ, 23 ਅਪ੍ਰੈਲ (ਸ.ਬ.) ‘ਸੰਸਾਰ ਪੁਸਤਕ ਦਿਵਸ’ ਮੌਕੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਤਲਾਸ਼’ ਰਿਲੀਜ਼ ਕੀਤਾ ਗਿਆ| ਪੁਸਤਕ ਦੀ ਘੁੰਡ ਚੁਕਾਈ ਮੌਕੇ ਲੇਖਕ ਦੀ ਜ਼ਿੰਦਗੀ ‘ਤੇ ਚਰਚਾ ਕੀਤੀ ਗਈ| ਇਸ ਦੌਰਾਨ ਗੋਰਾ ਹੁਸ਼ਿਆਰਪੁਰੀ ਨੇ ਕਿਤਾਬ ‘ਚੋਂ ਕਈ ਕਵਿਤਾਵਾਂ ਵੀ ਸੁਣਾਈਆਂ| ਗੋਰਾ ਹੁਸ਼ਿਆਰਪੁਰੀ ਇੱਕ ਫੈਕਟਰੀ ਵਰਕਰ ਹੈ ਅਤੇ ਸਿਰਫ ਦਸਵੀਂ ਪਾਸ ਹੈ| ਉਹ ਖੁੱਲ੍ਹੀ ਕਵਿਤਾ ਦੀ ਵਿਧਾ ਵਿੱਚ ਲਿਖਦੇ ਹਨ ਅਤੇ ਕਰੀਬ 10 ਸਾਲ ਦੀ ਮਿਹਨਤ ਤੋਂ ਬਾਅਦ ਇਹ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਹਿ ਹੈ| ਇਸ ਪੁਸਤਕ ਵਿੱਚ ਉਹਨਾਂ ਨੇ ਨੌਜਵਾਨਾਂ ਨਾਲ ਸੰਵਾਦ ਰਚਾਇਆ ਹੈ ਅਤੇ ਅੰਧਵਿਸ਼ਵਾਸ ‘ਤੇ ਕਟਾਕਸ਼ ਕਰਦੇ ਹੋਏ ਸੱਭਿਆਚਾਰ, ਰੋਮਾਂਸ, ਭਾਵਨਾਵਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਹੈ|
ਕਿਤਾਬ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਅੰਧ-ਸ਼ਰਧਾ ‘ਤੇ ਚੋਟ ਕਰਦੀਆਂ ਹਨ| ਗੋਰਾ ਹੁਸ਼ਿਆਰਪੁਰੀ ਆਪਣੀ ਗੱਲ ਬਿਲਕੁਲ ਸਾਦੇ ਅੰਦਾਜ਼ ਵਿੱਚ ਕਹਿੰਦਾ ਹੈ ਤਾਂਕਿ ਆਮ ਬੰਦੇ ਨੂੰ ਸਮਝ ਆ ਸਕੇ| ਗੋਰਾ ਮੰਨਦਾ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਣ ਤੋਂ ਪਹਿਲਾਂ ਇੱਕ ‘ਮਨੁੱਖ’ ਹੈ| ਗੋਰੇ ਨੂੰ ਧਰਮ ਦੇ ਨਾਂ ‘ਤੇ ਦੇਸ਼ ਵਿੱਚ ਹੋ ਰਹੇ ਦੰਗੇ ਬਹੁਤ ਪ੍ਰੇਸ਼ਾਨ ਕਰਦੇ ਹਨ| ਉਸ ਦੀ ਇੱਕ ਕਵਿਤਾ ਕਹਿੰਦੀ ਹੈ, ”ਜਿੱਥੇ ਭੀੜ ਹੁੰਦੀ ਹੈ, ਉੱਥੇ ਕੋਈ ਨਾ ਕੋਈ ਭਰਮ ਹੁੰਦੈ|” ਗੋਰੇ ਦੀ ਕਵਿਤਾ ਵਿੱਚ ਰੋਮਾਂਸ ਵੀ ਹੈ ਅਤੇ ਸਿਸਟਮ ਨੂੰ ਬਦਲਣ ਦੀ ਚੁਣੌਤੀ ਵੀ|
ਲੇਖਕ ਹੋਣ ਦੇ ਨਾਲ-ਨਾਲ ਗੋਰਾ ਵਾਤਾਵਰਣ ਪ੍ਰੇਮੀ ਵੀ ਹੈ| ਉਹ ਆਪਣੀਆਂ ਕਵਿਤਾਵਾਂ ਵਿੱਚ ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਗੰਭੀਰ ਚਿੰਤਾ ਵਿਅਕਤ ਕਰਦਾ ਹੈ| ‘ਜ਼ਹਿਰ’ ਨਾਂ ਦੀ ਕਵਿਤਾ ਵਿੱਚ ਉਹ ਲਿਖਦਾ ਹੈ, ”ਹਰ ਖੁਸ਼ੀ ‘ਤੇ ਚਲਾ ਪਟਾਕੇ, ਘੋਲਣ ਜ਼ਹਿਰ ਹਵਾਵਾਂ ਵਿੱਚ| ਬਿਰਧ ਤੇ ਪੰਛੀ ਦਹਿਲ ਜਾਂਦੇ ਨੇ, ਜਦੋਂ ਹੁੰਦਾ ਸ਼ੋਰ ਫਿਜ਼ਾਵਾਂ ਵਿੱਚ|” ਗੋਰਾ ਹੁਸ਼ਿਆਰਪੁਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਦੇ ਸੱਭਿਆਚਾਰਿਕ ਵਿੰਗ ਦਾ ਮੁਖੀ ਵੀ ਹੈ|

Leave a Reply

Your email address will not be published. Required fields are marked *