ਗੋਲਫ ਕਲੱਬ ਦੇ ਗੇਟ ਤੇ ਲੱਗਣ ਵਾਲੇ ਸਜਾਵਟੀ ਢਾਂਚੇ ਦਾ ਟੈਂਡਰ ਹੋਵੇਗਾ ਰੱਦ

ਗੋਲਫ ਕਲੱਬ ਦੇ ਗੇਟ ਤੇ ਲੱਗਣ ਵਾਲੇ ਸਜਾਵਟੀ ਢਾਂਚੇ ਦਾ ਟੈਂਡਰ ਹੋਵੇਗਾ ਰੱਦ
ਸਟੀਲ ਦੀਆਂ ਵੱਡ ਆਕਾਰੀ ਗੇਂਦਾ ਦਾ ਸੀ ਡਿਜਾਇਨ, ਤਿੰਨ ਸਾਲ ਪਹਿਲਾਂ ਜਾਰੀ ਹੋਇਆ ਸੀ 45 ਲੱਖ ਦਾ ਟੈਂਡਰ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 30 ਜੂਨ

ਸਥਾਨਕ ਫੇਜ਼-11 ਵਿੱਚ ਗਮਾਡਾ ਵਲੋਂ ਬਣਾਏ ਗਏ ਗੋਲਫ ਕਲੱਬ ਦੇ ਸਾਮ੍ਹਣੇ ਗਮਾਡਾ ਵਲੋਂ 48 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਣ ਵਾਲਾ ਗੋਲਫ ਮੈਦਾਨ ਦਾ ਸਜਾਵਟੀ ਢਾਂਚਾ (ਜਿਸ ਵਿੱਚ ਵੱਡੇ ਆਕਾਰ ਦੀਆਂ 5 ਗੋਲਫ ਗੇਂਦਾ ਦੇ ਡਿਜਾਈਨ ਦਾ ਆਕਾਰ ਬਣਾਇਆ ਜਾਣਾ ਸੀ) ਲਗਾਉਣ ਦਾ ਕੰਮ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ| ਇਹਨਾਂ ਗੋਲਫ ਗੇਂਦਾ ਨੂੰ ਲਗਵਾਉਣ ਲਈ ਗਮਾਡਾ ਵਲੋਂ ਤਿੰਨ ਸਾਲ ਪਹਿਲਾ ਬਠਿੰਡਾ ਦੀ ਵੈਸ਼ ਕੰਸਟ੍ਰਕਸ਼ਨ ਕੰਪਨੀ ਨੂੰ ਜੁਲਾਈ 2014 ਨੂੰ ਟੈਂਡਰ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਉਕਤ ਕੰਪਨੀ ਵਲੋਂ ਇਹ ਸਾਰਾ ਸਾਮਾਨ ਚੀਨ ਤੋਂ ਮੰਗਵਾ ਕੇ ਇੱਥੇ ਸਥਾਪਿਤ ਕੀਤਾ ਜਾਣਾ ਸੀ| ਪਰੰਤੂ ਤਿੰਨ ਸਾਲ ਦੇ ਲਗਭਗ ਸਮਾਂ ਲੰਘ ਜਾਣ ਦੇ ਬਾਵਜੂਦ ਇਹ ਕੰਮ ਮੁਕੰਮਲ ਨਹੀਂ ਹੋ ਪਾਇਆ ਹੈ ਅਤੇ ਹੁਣ ਗਮਾਡਾ ਅਧਿਕਾਰੀ ਇਸ ਟੈਂਡਰ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ|
ਇਸ ਸਬੰਧੀ 2 ਮਹੀਨੇ ਪਹਿਲਾਂ ਇੱਕ ਸਥਾਨਕ ਕੰਪਨੀ ਮਧੂ ਇਰੀਟੈਕ  ਦੇ ਮਾਲਕ ਸ੍ਰੀ ਉੱਤਮ ਕੁਮਾਰ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਲਿਖ ਕੇ ਗੋਲਫ ਕੱਲਬ ਦੇ ਬਾਹਰ ਗੇਟ ਦੀ ਸਜਾਵਟ ਲਈ ਬਣਾਏ ਜਾਣ ਵਾਲੇ ਢਾਂਚੇ ਦੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਗਾਇਆ ਸੀ ਕਿ ਜਿਸ ਕੰਪਨੀ ਨੂੰ ਇਹ ਟੈਂਡਰ ਅਲਾਟ ਕੀਤਾ ਗਿਆ ਹੈ ਉਸ ਕੰਪਨੀ ਵਲੋਂ ਇੱਥੇ ਲਗਣ ਵਾਲਾ ਸਾਮਾਨ ਚੀਨ ਤੋਂ ਮੰਗਵਾਉਣ ਦੀ ਥਾਂ ਇੱਕ ਸਥਾਨਕ ਫੈਕਟ੍ਰੀ ਵਿੱਚ 5 ਲੱਖ ਰੁਪਏ ਵਿੱਚ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਗਮਾਡਾ ਨੂੰ 450 ਲੱਖ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ|
ਗਮਾਡਾ ਵੱਲੋਂ ਵੈਸ਼ ਕੰਪਨੀ ਨੂੰ ਜਾਰੀ ਕੀਤੇ ਗਏ ਟੈਂਡਰ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਸਟੇਨਲੈਸ ਸਟੀਲ ਨਾਲ ਬਣਾਏ ਜਾਣ ਵਾਲੇ ਇਸ ਖੂਬਸੂਰਤ ਢਾਂਚੇ (ਜਿਸ ਵਿੱਚ ਇੱਕ ਵੱਡੀ ਅਤੇ ਚਾਰ ਔਸਤਨ ਛੋਟੀਆਂ ਸਟੀਲ ਦੀਆਂ  ਵੱਡ ਆਕਾਰੀ ਗੇਂਦਾ) ਦਾ ਪੂਰਾ ਸਾਮਾਨ ਸਟੇਨਲੈਸ ਸਟੀਲ ਦੇ 55 304 ਗ੍ਰੇਡ ਨਾਲ ਬਣੀਆਂ, ਮਿਰਰ ਪਾਲਿਸ਼ ਹੋਈਆਂ ਹੋਣ ਅਤੇ ਜਿਹਨਾਂ ਉੱਪਰ ਤਿਕੋਨੇ ਆਕਾਰ ਦੀਆਂ ਪਲੇਟਾਂ ਲੱਗੀਆਂ ਹੋਣ| ਟੈਂਡਰ ਵਿੱਚ ਇੰਨਾ ਵੱਡ ਆਕਾਰੀ ਗੇਂਦਾ ਨਾਲ ਜੁੜੀਆਂ ਹੋਰ ਸ਼ਰਤਾਂ ਵੀ ਟੈਂਡਰ ਵਿੱਚ ਲਿਖੀਆਂ ਹੋਈਆਂ ਹਨ| ਇਸ ਟੈਂਡਰ ਵਿੱਚ ਭਾਵੇਂ ਇਹ ਗੱਲ ਸਹੀ ਹੈ ਕਿ ਇਹ ਸਾਰਾ ਸਾਮਾਨ ਚੀਨ ਤੋਂ ਲਿਆਂਦਾ ਜਾਵੇਗਾ ਪ੍ਰੰਤੂ ਗਮਾਡਾ ਅਧਿਕਾਰੀਆਂ ਵਲੋਂ ਇਸ ਕੰਮ ਤੇ ਹੋਣ ਵਾਲੀ ਲਾਗਤ ਦਾ ਅੰਦਾਜਾ ਚੀਨ ਤੋਂ ਲਿਆਂਦੇ ਜਾਣ ਵਾਲੇ ਸਾਮਾਨ ਦੇ ਆਧਾਰ ਤੇ ਹੀ ਤੈਅ ਹੋਇਆ ਸੀ|
ਸ੍ਰੀ ਉਤਮ ਕੁਮਾਰ ਵਲੋਂ ਗਮਾਡਾ ਦੇ ਪ੍ਰਸ਼ਾਸ਼ਕ ਨੂੰ ਲਿਖੀ ਆਪਣੀ ਸ਼ਿਕਾਇਤ ਵਿੱਚ  ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਪਾਸ ਕਰਨ ਤੋਂ ਪਹਿਲਾਂ ਗਮਾਡਾ ਦੇ ਡਿਵੀਜਨਲ ਇੰਜੀਨੀਅਰ ਪ੍ਰੋਜੈਕਟ ਵਲੋਂ ਚੀਨ ਤੋਂ ਇਸ ਸਾਮਾਨ ਦੀ ਲਾਗਤ ਸੰਬੰਧੀ ਕਾਗਜ ਮੰਗਵਾ ਕੇ ਇਹ ਤੈਅ ਕੀਤਾ ਸੀ ਕਿ ਇਸ ਸਾਮਾਨ ਤੇ 754106 ਰੁਪਏ ਦੀ ਕਸਟਮ ਡਿਊਟੀ ਅਤੇ ਚੀਨ ਤੋਂ ਲੁਧਿਆਣਾ ਤਕ ਲਿਆਉਣ ਤੇ ਹੋਣ ਵਾਲਾ ਖਰਚਾ 158175 ਰੁਪਏ ਅਤੇ ਬਾਕੀ ਹੋਰ ਖਰਚਿਆਂ ਦਾ ਹਿਸਾਬ ਲਗਾਉਣ ਤੋਂ ਬਾਅਦ ਹੀ ਇਹ ਗਮਾਡਾ ਵਲੋਂ ਇਸ ਸਬੰਧੀ ਟੈਂਡਰ ਜਾਰੀ ਕੀਤਾ ਗਿਆ ਸੀ|
ਉਹਨਾਂ ਲਿਖਿਆ ਹੈ ਕਿ ਟਂੈਡਰ ਲੈਣ ਵਾਲੀ ਕੰਪਨੀ ਵਲੋਂ ਇਹ ਢਾਂਚਾ ਸ਼ਹਿਰ ਵਿਚਲੀ ਹੀ ਇੱਕ ਫੈਕਟਰੀ ਵਾਲੇ ਤੋਂ ਤਿਆਰ ਕਰਵਾਏ ਜਾਣ ਸੰਬੰਧੀ ਉਹਨਾਂ ਵੱਲੋਂ ਸਬੂਤਾਂ ਸਮੇਤ ਸ਼ਿਕਾਇਤ ਕੀਤੀ ਗਈ ਸੀ| ਇਸਤੋਂ ਬਾਅਦ ਗਮਾਡਾ ਦੇ ਐਸ ਡੀ ਓ ਵਲੋਂ ਸੰਬੰਧਿਤ ਫੈਕਟਰੀ ਦਾ ਦੌਰਾ ਵੀ ਕੀਤਾ ਗਿਆ ਸੀ| ਮੁਹਾਲੀ ਦੀ ਇਸ ਫੈਕਟਰੀ ਵਲੋਂ ਚੀਨ ਵਿੱਚ ਬਣੀਆਂ ਵੱਡ ਆਕਾਰੀ  ਗੇਂਦਾਂ ਦੀ ਨਕਲ ਤਿਆਰ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਸੀ ਪ੍ਰੰਤੂ ਉਸ ਵਿੱਚ ਕਈ ਖਾਮੀਆਂ ਸਨ ਅਤੇ ਉਸਦੀ ਪਾਲਿਸ਼ ਵੀ ਹਲਕੀ ਕੁਆਲਟੀ ਦੀ ਸੀ|
ਇਸ ਸਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਐਕਸੀਅਨ ਸ੍ਰੀ ਨਵੀਨ ਕੰਬੋਜ ਨੇ ਕਿਹਾ ਕਿ ਗਮਾਡਾ ਵਲੋਂ ਬਠਿੰਡਾ ਦੀ ਇੱਕ ਕੰਪਨੀ ਨੂੰ ਇਹ ਕੰਮ 2014 ਵਿੱਚ ਦਿੱਤਾ ਗਿਆ ਸੀ ਪਰੰਤੂ ਤੈਅ ਸਮੇਂ ਵਿੱਚ ਕੰਮ ਮੁਕੰਮਲ ਨਾ ਹੋਣ ਦੇ ਇੱਕ ਵਾਰ ਕੰਪਨੀ ਤੇ ਜੁਰਮਾਨਾ ( 5 ਫੀਸਦੀ ) ਵੀ ਕੀਤਾ ਜਾ ਚੁੱਕਿਆ ਹੈ| ਉਹਨਾ ਕਿਹਾ ਕਿ ਹੁਣ ਗਮਾਡਾ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸਮੇਂ ਤੇ ਕੰਮ ਮੁਕੰਮਲ ਨਾ ਕਰਨ ਕਾਰਨ ਇਹ ਟੈਂਡਰ ਰੱਦ ਕਰ ਦਿੱਤਾ ਜਾਵੇ | ਗਮਾਡਾ ਵਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇੱਕ ਦੋ ਦਿਨਾਂ ਵਿੱਚ ਟੈਂਡਰ ਰੱਦ ਕਰਨ ਦੀ ਪ੍ਰੀਕ੍ਰਿਆ ਮੁਕੰਮਲ ਹੋ ਜਾਵੇਗੀ| ਉਹਨਾਂ ਕਿਹਾ ਕਿ ਗਮਾਡਾ ਵਲੋਂ ਹੁਣ ਨਵੇਂ ਸਿਰੇ ਤੋਂ ਇਸ ਸਜਾਵਟੀ ਢਾਂਚੇ ਬਾਰੇ ਟੈਂਡਰ ਜਾਰੀ ਕੀਤਾ                ਜਾਵੇਗਾ| ਜਿਸ ਬਾਰੇ ਫੈਸਲਾ ਉੱਚ ਅਧਿਕਾਰੀਆਂ ਵਲੋਂ ਲਿਆ ਜਾਵੇਗਾ| ਇਹ ਪੁੱਛਣ ਤੇ ਕਿ ਕੰਪਨੀ ਵਲੋਂ ਗੋਲਫ ਕਲੱਬ ਦੇ ਬਾਹਰ ਸੜਕ ਕਿਨਾਰੇ ਵੱਡ ਆਕਾਰੀ ਗੇਂਦਾ ਪਹੁੰਚਾ ਦਿੱਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਹੁਣ ਇਹ ਗੇਂਦਾ ਇੱਥੇ ਨਹੀਂ ਲੱਗਣ ਦਿੱਤੀਆਂ ਜਾਣਗੀਆਂ ਅਤੇ ਆਪਣੇ ਹਰਜੇ ਖਰਚੇ ਦੀ ਜਿੰਮੇਵਾਰ ਠੇਕਾ ਲੈਣ ਵਾਲੀ ਕੰਪਨੀ ਖੁਦ ਹੋਵੇਗੀ| ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ  ਕੀਤਾ ਕਿ ਇਹ ਕਾਰਵਾਈ ਮੁੱਖ ਪ੍ਰਸ਼ਾਸ਼ਕ ਨੂੰ ਭੇਜੀ ਗਈ ਕਿਸੇ ਸ਼ਿਕਾਇਤ ਦੇ ਆਧਾਰ ਤੇ ਹੋਈ ਹੈ ਅਤੇ ਉਹਨਾਂ ਕਿਹਾ ਕਿ ਇਸ ਕੰਮ ਨੂੰ ਬਿਨਾ ਵਜ੍ਹਾ ਲਮਕਾਉਣ ਕਾਰਨ ਹੀ ਇਹ ਟੈਂਡਰ ਰੱਦ ਕੀਤਾ ਜਾ ਰਿਹਾ ਹੈ|
ਸੰਪਰਕ ਕਰਨ ਤੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਰਵੀ ਭਗਤ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ| ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *