ਗ੍ਰਿਫਤਾਰੀ ਦੇ ਅਗਲੇ ਦਿਨ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ


ਨਵੀਂ ਦਿੱਲੀ, 10 ਜੁਲਾਈ (ਸ.ਬ.) ਬੀਤੇ ਕੱਲ ਉਜੈਨ ਵਿੱਚ ਮਹਾਕਾਲ ਮੰਦਰ ਤੋਂ ਕਾਬੂ ਕੀਤਾ ਗਿਆ ਕਾਨਪੁਰ ਦਾ ਗੈਂਗਸਟਰ ਵਿਕਾਸ ਦੁਬੇ ਅੱਜ ਤੜਕੇ ਪੁਲੀਸ ਨਾਲ ਹੋਏ ਇੱਕ ਕਥਿਤ ਮੁਕਾਬਲੇ ਵਿੱਚ ਮਾਰਿਆ ਗਿਆ| ਕਾਨਪੁਰ ਵਿੱਚ 8 ਪੁਲੀਸ ਮੁਲਾਜ਼ਮਾਂ ਦੇ ਕਤਲ ਦੇ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਨੂੰ ਬੀਤੇ ਦਿਨ ਉਜੈਨ ਦੇ ਮਹਾਕਾਲ ਮੰਦਰ ਤੋਂ ਕਾਬੂ ਕੀਤਾ ਗਿਆ ਸੀ ਅਤੇ ਉੱਤਰ ਪ੍ਰਦੇਸ਼ ਐਸ ਟੀ ਐਫ ਦੀ ਟੀਮ ਉਸਨੂੰ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ ਅਤੇ ਪੁਲੀਸ ਅਨੁਸਾਰ ਉਹ ਰਾਹ ਵਿੱਚ ਹੀ (ਕਾਨਪੁਰ ਤੋਂ ਲਗਭਗ 17 ਕਿਲੋਮੀਟਰ ਦੂਰ) ਇੱਕ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ ਜਦੋਂ ਉਹ ਇੱਕ ਪੁਲੀਸ ਕਰਮਚਾਰੀ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ| 
ਪੁਲੀਸ ਵਲੋਂ ਕਿਹਾ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ ਐਸ. ਟੀ. ਐਫ ਦੇ ਕਾਫਲੇ ਦੀ ਗੱਡੀ  ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ| ਪੁਲੀਸ ਅਨੁਸਾਰ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਤਾਂ ਵਿਕਾਸ ਦੁਬੇ ਨੇ ਪੁਲੀਸ ਕਰਮਚਾਰੀ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸਤਸੋਂ ਬਾਅਦ ਉਸਨੂੰ ਘੇਰ ਲਿਆ ਗਿਆ ਅਤੇ ਮੁਕਾਬਲੇ ਦੌਰਾਨ ਪੁਲੀਸ ਨੇ ਸਵੈਰਖਿਆ ਵਿੱਚ ਉਸਨੂੰ ਗੋਲੀ ਮਾਰ ਦਿੱਤੀ| ਪੁਲੀਸ ਅਨੁਸਾਰ ਮੁਕਾਬਲੇ ਦੌਰਾਨ ਵਿਕਾਸ ਦੁਬੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸਨੂੰ ਲਾਲਾ ਲਾਜਪਤ ਰਾਏ ਹਸਪਤਾਲ ਲਿਜਾਇਆ ਗਿਆ ਸੀ ਅਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ| 
ਪੁਲੀਸ ਅਨੁਸਾਰ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਪੁਲੀਸ ਦੀ ਉਹ ਗੱਡੀ ਅਚਾਨਕ ਪਲਟ ਗਈ ਸੀ ਜਿਸ ਵਿੱਚ ਵਿਕਾਸ ਦੁਬੇ ਨੂੰ ਕਾਨਪੁਰ ਲਿਆਂਦਾ ਜਾ ਰਿਹਾ ਸੀ| ਇਸਤੋਂ ਪਹਿਲਾਂ ਉਜੈਨ ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਦੀ ਟੀਮ ਉਸ ਨੂੰ ਲੈਣ ਲਈ ਚਾਰਟਰ ਪਲੇਨ ਰਾਹੀਂ ਉੱਜੈਨ ਗਈ ਸੀ ਅਤੇ ਵਾਪਸੀ ਵਿੱਚ ਉਸ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ|

Leave a Reply

Your email address will not be published. Required fields are marked *