ਗ੍ਰਿਫ਼ਤਾਰੀ ਪਿੱਛੋਂ ਆਸਟ੍ਰੇਲੀਅਨ ਖਿਡਾਰੀ ਨੇ ਭਰਾ ਤੇ ਲਗਾਏ ਗੰਭੀਰ ਦੋਸ਼

ਗੋਲਡ ਕੋਸਟ, 16 ਫਰਵਰੀ (ਸ.ਬ.) ਆਸਟ੍ਰੇਲੀਆ ਦੇ ਸਾਬਕਾ ਤੈਰਾਕ ਅਤੇ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਤਿੰਨ ਤਮਗੇ ਜਿੱਤਣ ਵਾਲੇ ਗ੍ਰਾਂਟ ਹੈਕੇਟ ਨੇ ਅੱਜ ਸ਼ੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਦੇ ਚਿਹਰੇ ਤੇ ਜ਼ਖ਼ਮ ਦਿਖਾਈ ਦੇ ਰਹੇ ਹਨ| ਤਸਵੀਰ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਕਿਹਾ ਹੈ ਕਿ ਉਸ ਦੇ ਚਿਹਰੇ ਤੇ ਜਿਹੜੇ ਜ਼ਖ਼ਮ ਦਿਖਾਈ ਦੇ ਰਹੇ ਹਨ, ਇਹ ਸਭ ਉਸ ਦੇ ਭਰਾ ਵਲੋਂ ਉਸ ਨੂੰ ਕੁੱਟਣ ਕਾਰਨ ਹੋਏ ਹਨ| ਹੈਕੇਟ ਸ਼ਰਾਬ ਪੀਣ ਅਤੇ ਨਸ਼ਿਆਂ ਦਾ ਆਦੀ ਹੈ, ਜਿਸ ਕਾਰਨ ਉਸ ਦੀ ਮਾਨਸਿਕ ਸਿਹਤ ਵੀ ਕੁਝ ਠੀਕ ਨਹੀਂ ਰਹਿੰਦੀ| ਇਸ ਦੇ ਚੱਲਦਿਆਂ ਕੱਲ੍ਹ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਲਿਆ ਸੀ| ਹਾਲਾਂਕਿ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ| ਹੈਕੇਟ ਦੇ ਭਰਾ ਕਰੇਗ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਤਰਾਕਾਰਾਂ ਨੂੰ ਦੱਸਿਆ ਸੀ ਕਿ ਉਹ ਖੁਦ ਲਈ ਤੇ ਭਾਈਚਾਰੇ ਲਈ ਖ਼ਤਰਾ ਹੈ ਅਤੇ ਪਰਿਵਾਰ ਲਈ ਇਕੱਲਿਆਂ ਉਸ ਦੀ ਮਦਦ ਕਰਨਾ ਕਾਫੀ ਮੁਸ਼ਕਿਲ ਸੀ| ਉੱਥੇ ਹੀ ਹੈਕੇਟ ਦੇ ਪਿਓ ਨੇ ਵੀ ਉਸ ਦੀ ਗ੍ਰਿਫ਼ਤਾਰੀ ਦੇ ਪਿੱਛੇ ਕਾਰਨ ਉਸ ਦੀ ਮਾਨਸਿਕ ਸਿਹਤ ਹੀ ਦੱਸਿਆ ਸੀ|
ਹੈਕੇਟ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿੱਚ ਉਸ ਦੀਆਂ ਅੱਖਾਂ ਅਤੇ ਚਿਹਰੇ ਦੇ ਹੋਰ ਭਾਗਾਂ ਤੇ ਕੁਝ ਕੱਟ ਦਿਖਾਈ ਦੇ ਰਹੇ ਹਨ| ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਲਿਖਿਆ, ‘ਮੇਰੇ ਭਰਾ ਨੇ ਮੀਡੀਆ ਨਾਲ ਟਿੱਪਣੀਆਂ ਕੀਤੀਆਂ ਪਰ ਕੀ ਕੋਈ ਜਾਣਦਾ ਹੈ ਕਿ ਉਸ ਨੇ ਮੈਨੂੰ ਕੁੱਟਿਆ ਹੈ|’ ਉਸ ਨੇ ਅੱਗੇ ਲਿਖਿਆ ਹੈ, ‘ਹਰ ਕੋਈ ਜਾਣਦਾ ਹੈ ਕਿ ਉਹ ਗੁੱਸੇ ਵਾਲਾ ਆਦਮੀ ਹੈ|’ ਉੱਧਰ  ਹੈਕੇਟ ਨਾਲ ਬੁੱਧਵਾਰ ਨੂੰ ਵਾਪਰੇ ਘਟਨਾ ਚੱਕਰ ਤੇ ਆਸਟ੍ਰੇਲੀਅਨ ਓਲੰਪਿਕ ਕਮੇਟੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|
ਜਿਕਰਯੋਗ ਹੈ ਕਿ ਹੈਕੇਟ ਆਸਟ੍ਰੇਲੀਆ ਦਾ ਪ੍ਰਸਿੱਧ ਤੈਰਾਕ ਰਹਿ ਚੁੱਕਾ ਹੈ| ਉਸ ਨੇ ਸਾਲ 2000 ਵਿੱਚ ਸਿਡਨੀ ਅਤੇ ਸਾਲ 2004 ਵਿੱਚ ਏਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਆਸਟ੍ਰੇਲੀਆ ਲਈ ਸੋਨ ਤਮਗੇ ਜਿੱਤੇ ਸਨ| ਉੱਥੇ ਹੀ ਉਸ ਨੇ ਸਾਲ 2008 ਵਿੱਚ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ| ਹਾਲਾਂਕਿ ਇਸ ਤੋਂ ਬਾਅਦ ਪਿਛਲੇ ਸਾਲ ਰੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਹੈਕੇਟ ਨੇ ਮੁੜ ਵਾਪਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ|

Leave a Reply

Your email address will not be published. Required fields are marked *