ਗ੍ਰੀਸ ਦੇ ਜੰਗਲਾਂ ਵਿੱਚ ਭਿਆਨਕ ਅੱਗ, ਘੱਟੋ-ਘੱਟ 20 ਮਰੇ ਤੇ 100 ਤੋਂ ਜ਼ਿਆਦਾ ਜ਼ਖਮੀ

ਏਥੇਨਜ਼ , 24 ਜੁਲਾਈ (ਸ.ਬ.) ਯੂਰਪੀਅਨ ਦੇਸ਼ ਗ੍ਰੀਸ ਦੀ ਰਾਜਧਾਨੀ ਏਥੇਨਜ਼ ਤੋਂ ਕਰੀਬ 40 ਕਿਲੋਮੀਟਰ ਉਤਰ-ਪੂਰਬ ਵਿਚ ਮਾਤੀ ਦੇ ਸੀ-ਰਿਜ਼ੌਰਟ ਦੇ ਨੇੜੇ 2 ਜੰਗਲਾਂ ਵਿਚ ਭਿਆਨਕ ਅੱਗ ਲੱਗ ਗਈ| ਇਸ ਅੱਗ ਕਾਰਨ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ| ਹਾਦਸੇ ਵਿਚ ਮਾਰੇ ਗਏ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਘਰਾਂ ਜਾਂ ਕਾਰਾਂ ਵਿਚੋਂ ਮਿਲੀਆਂ ਹਨ| ਇਕ ਬੁਲਾਰੇ ਨੇ ਦੱਸਿਆ ਕਿ ਇਸ ਭਿਆਨਕ ਅੱਗ ਵਿਚ ਜ਼ਖਮੀ ਹੋਏ ਲੋਕਾਂ ਵਿਚੋਂ 11 ਦੀ ਹਾਲਤ ਗੰਭੀਰ ਬਣੀ ਹੋਈ ਹੈ| ਉਸ ਨੇ ਦੱਸਿਆ ਕਿ ਜ਼ਖਮੀਆਂ ਵਿਚ 16 ਬੱਚੇ ਵੀ ਹਨ|
ਲੋਕ ਅੱਗ ਤੋਂ ਬਚਣ ਲਈ ਸਮੁੰਦਰੀ ਕਿਨਾਰੇ ਵੱਲ ਜਾ ਰਹੇ ਹਨ, ਜਿੱਥੋਂ ਦੀ ਉਨ੍ਹਾਂ ਨੂੰ ਜਲ ਸੈਨਾ ਦੇ ਜਹਾਜ਼ਾਂ ਅਤੇ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਜ਼ਰੀਏ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ| ਗ੍ਰੀਸ ਕੋਸਟ ਦੇ ਗਾਰਡ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਵਾਲੀ ਜਗ੍ਹਾ ਨੇੜੇ 3 ਔਰਤਾਂ ਅਤੇ ਇਕ ਬੱਚੇ ਦੀ ਲਾਸ਼ ਮਿਲੀ ਹੈ| ਸਿਹਤ ਵਿਭਾਗ ਮੁਤਾਬਕ ਇਸ ਹਾਦਸੇ ਵਿਚ ਕਾਫੀ ਲੋਕ ਅਜੇ ਵੀ ਲਾਪਤਾ ਹਨ| ਇਨ੍ਹਾਂ ਵਿਚ ਡੈਨਮਾਰਕ ਦੇ ਚਾਰ ਸੈਲਾਨੀ ਵੀ ਹਨ| ਗ੍ਰੀਸ ਦੀ ਪ੍ਰਧਾਨ ਮੰਤਰੀ ਅਲੈਕਸੀ ਸੀਪ੍ਰਾਸ ਨੇ ਜਾਣਕਾਰੀ ਦਿੱਤੀ ਕਿ ਅੱਗ ਉਤੇ ਕਾਬੂ ਪਾਉਣ ਲਈ ਸਰਕਾਰ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ| ਫਿਲਹਾਲ 200 ਫਾਇਰ ਫਾਈਟਰਜ਼ ਅਤੇ 60 ਗੱਡੀਆਂ ਅੱਗ ਉੱਤੇ ਕਾਬੂ ਪਾਉਣ ਲਈ ਭੇਜੀਆਂ ਗਈਆਂ ਹਨ| ਗ੍ਰੀਸ ਸਰਕਾਰ ਨੇ ਇਸ ਸਮੱਸਿਆ ਤੋਂ ਨਜਿੱਠਣ ਲਈ ਯੂਰਪੀਅਨ ਯੂਨੀਅਨ ਤੋਂ ਮਦਦ ਦੀ ਅਪੀਲ ਕੀਤੀ ਹੈ| ਅੱਗ ਕਾਰਨ ਦਰਜਨਾਂ ਘਰ ਅਤੇ ਕਾਰਾਂ ਸੜ ਕੇ ਸੁਆਹ ਹੋ ਗਈਆਂ ਹਨ| ਜਾਨ ਬਚਾਉਣ ਲਈੇ ਨਾਗਰਿਕ ਅਤੇ ਸੈਲਾਨੀ ਏਥੇਨਜ਼ ਦੇ ਪੂਰਬੀ ਖੇਤਰ ਵਿਚ ਸਮੁੰਦਰੀ ਕਿਨਾਰਿਆਂ ਵੱਲ ਜਾ ਰਹੇ ਹਨ|

Leave a Reply

Your email address will not be published. Required fields are marked *