ਗ੍ਰੇਸ਼ੀਅਨ ਹਸਪਤਾਲ ਵਲੋਂ ਸੈਕਟਰ 69 ਦੇ ਰਿਹਾਇਸ਼ੀ ਖੇਤਰ ਵੱਲ ਖੋਲੇ ਗੇਟ ਕਾਰਨ ਵਸਨੀਕ ਪ੍ਰੇਸ਼ਾਨ, ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗੇਟ ਬੰਦ ਕਰਵਾਉਣ ਦੀ ਮੰੰਗ ਕੀਤੀ

ਕੋਵਿਡ 19 ਦੇ ਮਰੀਜਾਂ ਅਤੇ ਮ੍ਰਿਤਕ ਦੇਹਾਂ ਨੂੰ ਲਿਆਉਣ ਲਿਜਾਉਣ ਲਈ ਵਰਤਿਆ ਜਾਂਦਾ ਹੈ ਇਹ ਰਸਤਾ 
ਐਸ.ਏ.ਐਸ.ਨਗਰ, 11 ਸਤੰਬਰ (ਸ.ਬ.) ਰੈਜੀਡੈਂਟਸ ਵੈਲਫੇਅਰ ਸੋਸਾਇਟੀ (ਰਜਿ.) ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੁਹਾਲੀ ਦੇ ਸੈਕਟਰ 69 ਵਿੱਚ ਸਥਿਤ ਗਰੇਸ਼ੀਅਨ ਹਸਪਤਾਲ ਵਲੋਂ ਰਿਹਾਇਸ਼ੀ ਮਕਾਨਾਂ ਵੱਲ ਕੱਢੇ ਗਏ ਗੇਟ ਰਾਹੀਂ ਮ੍ਰਿਤਕਾਂ ਅਤੇ ਕੋਰੋਨਾ ਪਾਜਿਟਿਵ ਮਰੀਜਾਂ ਲਈ ਬਣਾਏ ਰਸਤੇ ਨੂੰ ਬੰਦ ਕਰਵਾਉਣ ਅਤੇ ਹਸਪਤਾਲ ਨੂੰ ਸਿਰਫ ਤਜਵੀਜਸ਼ੁਦਾ ਗੇਟ ਦੀ ਵਰਤੋਂ ਕਰਨ ਦੀ ਹਿਦਾਇਤ ਕਰਨ ਦੀ ਮੰਗ ਕੀਤੀ ਹੈ| 
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੈਕਟਰ 69 ਦੇ ਸਾਬਕਾ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ, ਸੋਸਾਇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ, ਜਨਰਲ ਸਕੱਤਰ ਕਰਮ ਸਿੰਘ ਮਾਵੀ  ਸਥਾਨਕ ਵਸਨੀਕਾਂ ਮੱਖਣ ਸਿੰਘ, ਏ.ਕੇ. ਸਿੰਘ, ਸੁਰਿੰਦਰ ਸਿੰਘ, ਹਰਬਿੰਦਰ ਸਿੰਘ, ਤਜਿੰਦਰ ਸਿੰਘ, ਪੂਰਨਿਮਾ ਸਿੰਘ, ਪਰਮਜੀਤ ਸਿੰਘ, ਵਾਲਮਿਕ ਸਿੰਘ, ਦਲਜੀਤ ਸਿੰਘ, ਕੇ.ਐਲ. ਵਰਮਾ, ਗੁਰਦੀਪ ਸਿੰਘ, ਕਿਰਪਾਲ ਸਿੰਘ, ਪੰਕਜ ਭਾਟੀਆ, ਪ੍ਰੀਤਪਾਲ ਸਿੰਘ, ਜਸਬੀਰ ਕੌਰ, ਮਾਨਕ ਸਿੰਘ, ਸ਼ਵੇਤਾ ਅਤੇ ਗੁਰਨਾਮ ਸਿੰਘ ਹੋਰਨਾਂ ਨੇ ਕਿਹਾ ਹੈ ਕਿ ਗਰੇਸ਼ੀਅਨ ਹਸਪਤਾਲ ਵਲੋਂ ਇਸ ਸੈਕਟਰ ਦੇ ਰਿਹਾਇਸ਼ੀ ਮਕਾਨਾਂ ਵੱਲ ਅਣ ਅਧਿਕਾਰਿਤ ਗੇਟ ਕੱਢ ਕੇ ਇਸ ਗੇਟ ਨੂੰ ਹਸਪਤਾਲ ਦੇ ਕੋਰੋਨਾ ਪਾਜਿਟਿਵ ਮਰੀਜਾਂ ਅਤੇ ਮ੍ਰਿਤਕਾਂ ਦੇ ਰਸਤੇ ਵਜੋਂ ਵਰਤਿਆ ਜਾਂਦਾ ਹੈ ਜੋ ਕਿ ਸੰਘਣੀ ਆਬਾਦੀ ਵਿੱਚ ਜਾ ਕੇ ਨਿਕਲਦਾ ਹੈ| ਉਹਨਾਂ ਕਿਹਾ ਕਿ ਇਸ ਗੇਟ ਤੋਂ ਆਉਣ-ਜਾਣ ਵਾਲੇ ਮਰੀਜਾਂ ਕਾਰਨ ਇਸ ਇਲਾਕੇ ਵਿੱਚ ਕੋਰੋਨਾ ਮਾਹਾਂਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਇਸ ਗੇਟ ਨੂੰ ਤੁਰੰਤ ਬੰਦ ਕਰਵਾਇਆ ਜਾਣਾ ਚਾਹੀਦਾ ਹੈ| 
ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਸ ਹਸਪਤਾਲ ਦੀਆਂ ਗਤੀਵਿਧੀਆਂ ਕਾਰਨ ਇੱਥੋਂ ਦੇ ਰਿਹਾਇਸ਼ੀ ਇਲਾਕੇ ਦੇ ਵਸਨੀਕ ਬਹੁਤ ਪ੍ਰੇਸ਼ਾਨ ਅਤੇ ਡਰ ਵਿੱਚ ਹਨ| ਉਹਨਾਂ ਕਿਹਾ ਕਿ ਉਹਨਾਂ ਵਲੋਂ ਵਸਨੀਕਾਂ ਨੂੰ ਨਾਲ ਲੈ ਕੇ ਹਸਪਤਾਲ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ ਹੈ ਪਰੰਤੂ ਉਹ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹਨ| ਉਹਨਾਂ ਕਿਹਾ ਕਿ ਹਸਪਤਾਲ ਵਲੋਂ ਪ੍ਰਮਾਣਿਤ ਨਕਸ਼ੇ ਵਿੱਚ ਇਹ ਗੇਟ ਸ਼ਾਮਿਲ ਨਹੀਂ ਹੈ ਜਿਸ ਕਾਰਨ ਹਸਪਤਾਲ ਦੀ ਇਹ ਕਾਰਵਾਈ ਗਮਾਡਾ ਦੇ ਨਿਯਮਾਂ ਦੀ ਵੀ ਉਲੰਘਣਾ ਹੈ ਅਤੇ ਜੇਕਰ ਹਸਪਤਾਲ ਵਲੋਂ ਇਹ ਗੇਟ ਬੰਦ ਨਾ ਕੀਤਾ ਗਿਆ ਤਾਂ ਉਹ ਇਸ ਵਿਰੁੱਧ ਅਦਾਲਤ ਵਿੱਚ ਕੇਸ ਕਰਨਗੇ| ਸ੍ਰ. ਧਨੋਆ ਨੇ ਮੰਗ ਕੀਤੀ ਕਿ ਇਸ ਅਣ ਅਧਿਕਾਰਿਤ ਗੇਟ ਨੂੰ ਬੰਦ ਕਰਵਾਇਆ ਜਾਵੇ ਅਤੇ ਕੋਰੋਨਾ ਪਾਜਿਟੀਵ ਮਰੀਜਾਂ ਦੀ ਐਂਟਰੀ ਤਜਵੀਜਸ਼ੁਦਾ ਗੇਟ ਰਾਹੀਂ ਹੀ ਕਰਵਾਈ ਜਾਵੇ|  
ਇਸ ਸੰਬੰਧੀ ਸੰਪਰਕ ਕਰਨ ਤੇ             ਗ੍ਰੇਸ਼ੀਅਨ ਹਸਪਤਾਲ ਦੇ ਕਰਮਚਾਰੀ ਨੇ ਫਾਈਨਾਂਸ ਦਾ ਕੰਮ ਵੇਖਦੇ ਸ੍ਰੀ ਰਾਹੁਲ ਨਾਲ ਗੱਲ ਕਰਨ ਲਈ ਕਿਹਾ ਪਰੰਤੂ ਉਹਨਾਂ ਨੇ ਫੋਨ ਨਹੀਂ ਚੁੱਕਿਆ| ਹਸਪਤਾਲ ਦੇ ਚੀਫ ਪ੍ਰਸ਼ਾਸ਼ਕੀ ਅਫਸਰ ਕਰਨਲ ਖੰਨਾ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੂੰ ਕਿਸੇ ਵਸਨੀਕ ਦੀ ਸ਼ਿਕਾਇਤ ਨਹੀਂ ਮਿਲੀ ਹੈ| ਉਹਨਾਂ ਕਿਹਾ ਕਿ ਕੋਰੋਨਾ ਦੇ ਮਰੀਜਾਂ ਨੂੰ ਲਿਆਉਣ ਲਿਜਾਉਣ ਲਈ ਵੱਖਰਾ ਗੇਟ ਜਰੂਰੀ ਹੈ ਅਤੇ ਪਿਛਲਾ ਗੇਟ ਕੋਰੋਨਾ ਮਰੀਜਾਂ ਦੀ ਆਵਾਜਾਈ ਲਈ ਵਰਤਿਆ ਜਾਂਦਾ ਹੈ|

Leave a Reply

Your email address will not be published. Required fields are marked *